ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 3 ਮਾਰਚ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ), ਏ-ਕਲਾਸ ਆਫੀਸਰਜ਼ ਐਸੋਸੀਏਸ਼ਨ, ਅ ਅਤੇ ੲ ਵਰਗ ਕਰਮਚਾਰੀ ਸੰਘ, ਜੁਆਇੰਟ ਐਕਸ਼ਨ ਕਮੇਟੀ, ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਤੇ ਵਿਦਿਆਰਥੀ ਜਥੇਬੰਦੀਆਂ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਲਗਾਤਾਰ ਨਿਘਰ ਰਹੀ ਵਿੱਤੀ ਅਤੇ ਪ੍ਰਸ਼ਾਸਨਿਕ ਸਥਿਤੀ ਦੇ ਮੱਦੇਨਜ਼ਰ ਭਲਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀ ਬਾਗ ਪੈਲੇਸ’ ਵੱਲ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਸੰਸਥਾ ਨੂੰ ਮੌਜੂਦਾ ਵਿੱਤੀ ਸੰਕਟ ਵਿਚੋਂ ਕੱਢਣ ਲਈ ਸਰਕਾਰ ਤੋਂ 400 ਕਰੋੜ ਰੁਪਏ ਦੀ ਯੱਕਮੁਸ਼ਤ ਗਰਾਂਟ ਅਤੇ ਮਹੀਨਾਵਾਰ ਗਰਾਂਟ ਵਧਾ ਕੇ 30 ਕਰੋੜ ਪ੍ਰਤੀ ਮਹੀਨਾ ਕਰਨ ਦੀ ਮੰਗ ਬੜੇ ਲੰਮੇ ਸਮੇਂ ਤੋਂ ਵੱਖ-ਵੱਖ ਧਿਰਾਂ ਵਲੋਂ ਉਠਾਈ ਜਾਂਦੀ ਰਹੀ ਹੈ। ਪ੍ਰੰਤੂ ਮਾਮਲਾ ਅਣਸੁਲਝਿਆ ਬਣਿਆ ਹੋਇਆ ਹੈ। ਪੂਟਾ ਦੇ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ ਮੁਤਾਬਿਕ ਜੇ ਇਹ ਵਿੱਤੀ ਘਾਟਾ ਸਮੇਂ ਸਿਰ ਨਾ ਪੂਰਿਆ ਗਿਆ ਤਾਂ ਮਾਲਵੇ ਦੀ ਸ਼ਾਨ ਇਹ ਯੂਨੀਵਰਸਿਟੀ ਬੜੀ ਛੇਤੀ ਬੰਦ ਹੋ ਜਾਵੇਗੀ ਅਤੇ ਮਾਲਵੇ ਖਿੱਤੇ ਦੇ ਨੌਂ ਜ਼ਿਲ੍ਹਿਆਂ ਦੇ ਵਿਦਿਆਰਥੀ ਉਚ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਅਜਿਹੇ ’ਚ ਯੂਨੀਵਰਸਿਟੀ ਨਾਲ ਸਬੰਧਤ ਸਾਰੀਆਂ ਧਿਰਾਂ ਵਲੋਂ ਆਖਰ ਇਕੱਠੇ ਹੋ ਕੇ ਭਲਕੇ 4 ਮਾਰਚ ਨੂੰ ਮਾਲ ਰੋਡ ਤੋਂ ਨਿਊ ਮੋਤੀ ਬਾਗ ਪੈਲੇਸ ਦੇ ਨੇੜੇ ਪੈਂਦੇ ਵਾਈ.ਪੀ.ਐੱਸ.ਚੌਕ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਲਿਆ ਹੈ।
ਵਿਧਾਨ ਸਭਾ ਦੇ ਸਿਫ਼ਰ ਕਾਲ ’ਚ ਉੱਠਿਆ ’ਵਰਸਿਟੀ ਦੇ ਆਰਥਿਕ ਸੰਕਟ ਦਾ ਮੁੱਦਾ
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਪੰਜਾਬੀ ਯੂਨੀਵਰਸਿਟੀ ਦੀ ਦਿਨ ਪ੍ਰਤੀਦਿਨ ਕਮਜ਼ੋਰ ਪੈ ਰਹੀ ਵਿੱਤੀ ਹਾਲਤ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖ਼ਾਹਾਂ ਨਾ ਮਿਲਣ ਕਰਕੇ ਕੈਂਪਸ ਧਰਨਿਆਂ ਦਾ ਅਖਾੜਾ ਬਣ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਨੂੰ ਇਸ ਘਾਟੇ ਤੋਂ ਕੱਢਣ ਲਈ ਵੱਡਾ ਵਿੱਤੀ ਪੈਕੇਜ ਦਿੱਤਾ ਜਾਵੇ ਤਾਂ ਜੋ ਡੁੱਬ ਰਹੀ ਸੰਸਥਾ ਨੂੰ ਬਚਾਇਆ ਜਾ ਸਕੇ। ਇਸ ਦੌਰਾਨ ਵਿਧਾਇਕ ਚੰਦੂਮਾਜਰਾ ਨੇ ਜਲਦ ਤੋਂ ਜਲਦ ਯੂਨੀਵਰਸਿਟੀ ਨੂੰ ਪੱਕੇ ਤੌਰ ’ਤੇ ਵਾਈਸ ਚਾਂਸਲਰ ਦੀ ਨਿਯੁਕਤੀ ਦੀ ਵੀ ਮੰਗ ਕੀਤੀ।