ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਮੁਲਾਜ਼ਮ

ਡੀਸੀ ਦਫ਼ਤਰ ਅੱਗੇ ਭੁੱਖ ਹੜਤਾਲਾਂ ਸ਼ੁਰੂ; ਬਜਟ ਸੈਸ਼ਨ ’ਚ ਨਜ਼ਰਅੰਦਾਜ਼ ਕਰਨ ’ਤੇ ਸਰਕਾਰ ਦੀਆਂ ਅਰਥੀਆਂ ਸਾੜਨ ਦਾ ਫੈਸਲਾ

ਪੰਜਾਬ ਸਰਕਾਰ ਖ਼ਿਲਾਫ਼ ਸੜਕਾਂ ’ਤੇ ਉੱਤਰੇ ਮੁਲਾਜ਼ਮ

ਪਟਿਆਲਾ ਵਿੱਚ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਭੁੱਖ ਹੜਤਾਲ ’ਤੇ ਬੈਠੇ ਜਸਵੀਰ ਖੋਖਰ ਤੇ ਹੋਰ ਆਗੂ।

ਸਰਬਜੀਤ ਸਿੰਘ ਭੰਗੂ 

ਪਟਿਆਲਾ, 2 ਮਾਰਚ 

ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਪਟਿਆਲਾ ਵਲੋਂ ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਡੀ.ਸੀ ਦਫਤਰ ਅੱਗੇ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ  ਹੈ। ਅੱਜ ਫੈਡਰੇਸ਼ਨ ਦੇ ਜ਼ਿਲਾ ਜਨਰਲ ਸਕੱਤਰ ਲਖਵਿੰਦਰ ਸਿੰਘ, ਪੈਨਸ਼ਨਰਜ਼ ਯੂਨੀਅਨ ਦੇ ਛੱਜੂ ਰਾਮ, ਪੀ.ਡਬਲਿਯੂ. ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਰਾਜਿੰਦਰ ਸਿੰਘ ਧਾਲੀਵਾਲ, ਜੰਗਲਾਤ ਵਰਕਰਜ਼ ਯੂ.ਨੀਅਨ ਦੇ ਜਸਵਿੰਦਰ ਸਿੰਘ ਸੌਜਾ ਤੇ ਬਲਵੀਰ ਸਿੰਘ ਮਨੌਲੀ ਦੀ ਅਗਵਾਈ ਵਿੱਚ 21 ਮੈਂਬਰੀ ਜਥਾ ਭੁੱਖ ਹੜਤਾਲ ’ਤੇ ਬੈਠਿਆ।

ਭੁੱਖ ਹੜਤਾਲੀ ਕੈਂਪ ’ਤੇ ਬੈਠੇ ਸਾਥੀਆਂ ਨੂੰ ਸੰਬੋਧਨ ਕਰਦਿਆਂ, ਫੈਡਰੇਸ਼ਨ ਦੇ ਆਗੂ ਜਸਵੀਰ ਸਿੰਘ ਖੋਖਰ, ਹਰਬੀਰ ਸਿੰਘ ਸੁਨਾਮ, ਲਖਵਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ, ਮਸਤ ਰਾਮ, ਹਰੀ ਰਾਮ ਨਿੰਦਾ, ਵਿਪਨ ਕੁਮਾਰ, ਬੀਰਪਾਲ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਦਾ 4 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੁਲਾਜ਼ਮ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ।  ਬੁਲਾਰਿਆਂ ਨੇ ਮੰਗ ਕੀਤੀ ਕਿ ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ, ਡੀਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ, ਡੀਏ ਦਾ ਬਕਾਇਆ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ, ਵਿਭਾਗਾਂ ਦਾ ਪੁਨਰਗਠਨ ਕਰਨਾ ਬੰਦ ਕੀਤਾ ਜਾਵੇ, ਕੱਟੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਤੇ ਮਿਡ ਡੇਅ ਮੀਲ, ਆਸ਼ਾ ਵਰਕਰ, ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਡੀਸੀ ਰੇਟ ਲਾਗੂ ਕੀਤਾ ਜਾਵੇ, ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ’ਤੇ ਰੈਗੂਲਰ ਭਰਤੀ ਕੀਤੀ ਜਾਵੇ। ਬੁਲਾਰਿਆਂ ਨੇ ਦੱਸਿਆ ਕਿ ਉਕਤ ਮੰਗਾਂ ਦੇ ਹੱਲ ਲਈ ਪੰਜ ਮਾਰਚ ਨੂੰ ਜ਼ਿਲ੍ਹਾ ਹੈਡ ਕੁਆਟਰ ਤੇ ਵਿਸ਼ਾਲ ਰੈਲੀ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਭੁੱਖ ਹੜਤਾਲੀ ਕੈਂਪ ਚ ਮੋਤੀ ਰਾਮ, ਬਲਵੰਤ ਸਿੰਘ, ਅਸ਼ੋਕ ਕੁਮਾਰ, ਧਰਮ ਪਾਲ, ਹਰੀ ਰਾਮ ਅਤੇ ਯਸ਼ਪਾਲ, ਆਗੂਆਂ ਨੇ ਐਲਾਨ ਕੀਤਾ ਕਿ 5 ਮਾਰਚ ਨੂੰ ਸਰਕਲ ਜਨ ਸਿਹਤ, ਨਾਭ ਰੋਡ, ਦਫਤਰ ਅੱਗੇ ਰੈਲੀ ਕਰਨ ਉਪਰੰਤ ਮਾਰਚ ਕਰਕੇ ਜੰਗਲਾਤ ਦਫਤਰ ਹੁੰਦੇ ਹੋਏ ਡੀ.ਸੀ. ਦਫਤਰ ਪਹੁੰਚ ਕੇ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਸੰਗਰੂਰ (ਨਿੱਜੀ ਪੱਤਰ ਪੇ੍ਰਕ): ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਹੇਠ 51 ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦੇ ਰੋਸ ਵਜੋਂ ਸਥਾਨਕ ਡੀਸੀ ਦਫ਼ਤਰ ਅੱਗੇ ਦਸ ਦਿਨਾ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਹਮਲੇ ਕੀਤੇ। 

ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਜ਼ਿਲ੍ਹਾ ਕਨਵੀਨਰਾਂ ਪ੍ਰੀਤਮ ਸਿੰਘ ਧੂਰਾ, ਜਗਦੀਸ ਸ਼ਰਮਾ, ਮੇਲਾ ਸਿੰਘ ਪੁੰਨਾਂਵਾਲ, ਰਾਜ ਕੁਮਾਰ ਅਰੋੜਾ, ਸੀਤਾ ਰਾਮ ਸ਼ਰਮਾ, ਬਾਲ ਕ੍ਰਿਸ਼ਨ ਚੌਹਾਨ, ਵਾਸਵੀਰ ਭੁੱਲਰ, ਅਵਿਨਾਸ ਸ਼ਰਮਾ, ਸੁਖਦੇਵ ਚੰਗਾਲੀਵਾਲਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੌਰਾਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਮੁਲਾਜ਼ਮ ਆਗੂ ਰਣਜੀਤ ਸਿੰਘ ਰਾਣਵਾਂ, ਗੁਰਪ੍ਰੀਤ ਸਿੰਘ ਮੰਗਵਾਲ, ਪ੍ਰੀਤਮ ਸਿੰਘ ਧੂਰਾ, ਜਗਦੀਸ਼ ਸ਼ਰਮਾ, ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚਾਰ ਸਾਲਾਂ ਵਿੱਚ ਮੁਲਾਜ਼ਮਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਆਰਥਿਕ ਸੰਕਟ ਬਹਾਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ਦੂਜੇ ਪਾਸੇ ਵਿਧਾਇਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ, ਤਨਖਾਹਾਂ, ਭੱਤੇ ਅਤੇ ਸੱਤ-ਸੱਤ ਪੈਨਸ਼ਨਰਾਂ ਦੇ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਪੇਅ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦਾ ਸਮਾਂ 28 ਫਰਵਰੀ ਲੰਘ ਗਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿਧਾਨ ਸਭਾ ਦੇ ਪੇਸ਼ ਕੀਤੇ ਜਾਣ ਵਾਲੇ ਬਜਟ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ ਅਤੇ 5 ਮਾਰਚ ਨੂੰ ਸਰਕਾਰ ਦੀਆਂ ਅਰਥੀਆਂ ਅਤੇ ਬਜਟ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਬੁਲਾਰਿਆਂ ਨੇ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਠੇਕਾ ਪ੍ਰਣਾਲੀ ਬੰਦ ਕੀਤੀ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਤ ਬਕਾਏ ਦਿੱਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, 200 ਰੁਪਏ ਦਾ ਜ਼ਜ਼ੀਆ ਟੈਕਸ ਬੰਦ ਕੀਤਾ ਜਾਵੇ। ਇਸ ਮੌਕੇ ਬਿੱਕਰ ਸਿੰਘ ਸਿਬੀਆ, ਜਸਵੀਰ ਸਿੰਘ ਖਾਲਸਾ, ਮੱਘਰ ਸਿੰਘ ਸੋਹੀ, ਅਰਜਨ ਸਿੰਘ, ਰਮੇਸ ਕੁਮਾਰ, ਰਾਜਵੀਰ ਸ਼ਰਮਾ, ਮਾਲਵਿੰਦਰ ਸਿੰਘ, ਗੁਰਮੀਤ ਮਿੱਡਾ ਆਦਿ ਸ਼ਾਮਲ ਸਨ। 

ਸੰਗਰੂਰ ’ਚ ਡੀਈਓ ਦਫ਼ਤਰ ਅੱਗੇ ਰੋਸ ਧਰਨਾ ਦਿੰਦੇ ਹੋਏ ਅਧਿਆਪਕ। -ਫੋਟੋ: ਲਾਲੀ

ਸਕੂਲਾਂ ’ਚ ਅਸਾਮੀਆਂ ਖਤਮ ਕਰਨ ਦੇ ਫੈਸਲੇ ਤੋਂ ਖ਼ਫ਼ਾ ਅਧਿਆਪਕਾਂ ਵੱਲੋਂ ਧਰਨਾ

ਸੰਗਰੂਰ (ਨਿੱਜੀ ਪੱਤਰ ਪੇ੍ਰਕ): ਡੈਮੋਕਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਦੇ ਅਸਾਮੀਆਂ ਖਤਮ ਕਰਨ ਦੇ ਅਮਲ ਨੂੰ ਰੋਕਣ ਲਈ ਇਥੇ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ, ਲੋਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।  ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐਫ਼ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਮੰਗ ਕੀਤੀ ਕਿ ਬਦਲੀਆਂ ਦੀ ਆੜ ਹੇਠ ਰੈਸ਼ਨੇਲਾਈਜ਼ੇਸ਼ਨ ਕਰਕੇ ਪ੍ਰਾਇਮਰੀ, ਮਿਡਲ, ਹਾਈ ਅਤੇ ਸੈਕੰਡਰੀ ਸਕੂਲਾਂ ਦੀਆਂ ਖ਼ਤਮ ਕੀਤੀਆਂ ਅਸਾਮੀਆਂ  ਈ-ਪੰਜਾਬ ਪੋਰਟਲ ’ਤੇ ਦੁਬਾਰਾ ਬਹਾਲ ਕੀਤੀਆਂ ਜਾਣ, ਤਕਨੀਕੀ ਨੁਕਸ ਦਾ ਬਹਾਨਾ ਬਣਾ ਕੇ ਅਸਾਮੀਆਂ ਦਾ ਉਜਾੜਾ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀਆਂ ਗਠਨ ਕਰਨ ਦੇ ਨਿਰਦੇਸ਼ ਤੁਰੰਤ ਰੱਦ ਕੀਤੇ ਜਾਣ, ਮਿਡਲ ਸਕੂਲਾਂ ਵਿੱਚੋਂ ਧੱਕੇ ਨਾਲ਼ ਸ਼ਿਫ਼ਟ ਕੀਤੀਆਂ ਗਈਆਂ ਪੀ.ਟੀ.ਆਈ. ਅਧਿਆਪਕਾਂ ਦੀਆਂ 288 ਪੋਸਟਾਂ ਨੂੰ ਮਿਡਲ ਸਕੂਲਾਂ ਵਿੱਚ ਵਾਪਸ ਕੀਤਾ ਜਾਵੇ, ਪ੍ਰਾਇਮਰੀ ਸਕੂਲਾਂ ਵਿੱਚ ਪੀਟੀਆਈ ਅਧਿਆਪਕਾਂ ਦੀਆਂ ਅਸਾਮੀਆਂ ਦੇ ਕੇ ਨਵੀਂ ਭਰਤੀ ਤੁਰੰਤ ਕੀਤੀ ਜਾਵੇ, ਪਦਉਨਤ ਕੀਤੇ ਗਏ ਲੈਕਚਰਾਰਾਂ ਨੂੰ ਤੁਰੰਤ ਸਟੇਸ਼ਨਾਂ ਚੋਣ ਕਰਵਾ ਕੇ ਉਨ੍ਹਾਂ ਦੀ ਥਾਂ ’ਤੇ ਖਾਲੀ ਹੋਈਆਂ ਮਾਸਟਰ ਕਾਡਰ ਦੇ ਖਾਲੀ ਸਟੇਸ਼ਨਾਂ  ’ਤੇ ਬਦਲੀਆਂ ਵਾਲੇ ਸਟੇਸ਼ਨ ਚੋਣ ਪੋਰਟਲ ’ਤੇ ਦਰਸਾਏ ਜਾਣ। ਇਸ ਮੌਕੇ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਫਰੰਟ ਆਗੂ ਗੁਰਮੇਲ ਬਖਸੀਵਾਲਾ, ਯਾਦਵਿੰਦਰ ਧੂਰੀ,  ਗੁਰਮੀਤ ਸੇਖੁਵਾਸ, ਪਰਮਿੰਦਰ ਉਭਾਵਾਲ ਸਮੇਤ ਹੋਰ ਆਗੂ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All