ਨਸ਼ਿਆਂ ਵਿਰੁੱਧ ਪੁਲੀਸ-ਜਨਤਾ ਦੀ ਸਾਂਝੀ ਮੁਹਿੰਮ ’ਤੇ ਜ਼ੋਰ
ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਲੈਗਸ਼ਿਪ ਪ੍ਰੋਗਰਾਮ ‘ਸੰਪਰਕ 2026’ ਅਧੀਨ ਅੱਜ ਪਟਿਆਲਾ ਵਿੱਚ ਐੱਸ ਐੱਸ ਪੀ ਵਰੁਣ ਸ਼ਰਮਾ ਵੱਲੋਂ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪੁਲੀਸ ਅਤੇ ਜਨਤਾ ਵਿਚਕਾਰ ਖੁੱਲ੍ਹਾ ਵਿਚਾਰ-ਵਟਾਂਦਰਾ ਕਰਦਿਆਂ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ...
ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਫਲੈਗਸ਼ਿਪ ਪ੍ਰੋਗਰਾਮ ‘ਸੰਪਰਕ 2026’ ਅਧੀਨ ਅੱਜ ਪਟਿਆਲਾ ਵਿੱਚ ਐੱਸ ਐੱਸ ਪੀ ਵਰੁਣ ਸ਼ਰਮਾ ਵੱਲੋਂ ਲੋਕਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਪੁਲੀਸ ਅਤੇ ਜਨਤਾ ਵਿਚਕਾਰ ਖੁੱਲ੍ਹਾ ਵਿਚਾਰ-ਵਟਾਂਦਰਾ ਕਰਦਿਆਂ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਇਥੇ ਪੁਲੀਸ ਲਾਈਨ ਵਿੱਚ ਹੋਈ ਇਸ ਮੀਟਿੰਗ ਦੌਰਾਨ ਪੁਲੀਸ ਅਧਿਕਾਰੀਆਂ ਵਿੱਚੋਂ ਐੱਸ ਪੀ ਵੈਭਬ ਚੌਧਰੀ ਤੇ ਪਲਵਿੰਦਰ ਚੀਮਾ, ਡੀ ਐੱਸ ਪੀ ਸਤਿਨਾਮ ਸੰਘਾ ਤੇ ਜੰਗਜੀਤ ਰੰਧਾਵਾ ਸਮੇਤ ਥਾਣਾ ਮੁਖੀ ਸੁਖਵਿੰਦਰ ਗਿੱਲ, ਜਸਪ੍ਰੀਤ ਕਾਹਲ਼ੋਂ, ਅਮਨਪਾਲ ਬਰਾੜ, ਗੁਰਪ੍ਰੀਤ ਸਮਰਾਓ, ਗੁਰਮੀਤ ਕੈਲੇ ਅਤੇ ਬਲਵਿੰਦਰ ਰਾਜਪੁਰਾ ਆਦਿ ਮੌਜੂਦ ਸਨ।
ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਨਸ਼ਿਆਂ ਦੇ ਖਾਤਮੇ ਲਈ ਚੱਲ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣਾ ਅਤੇ ਜਨਤਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਉਨ੍ਹਾਂ ਦੇ ਸੁਝਾਅ ਅਤੇ ਫੀਡਬੈਕ ਪ੍ਰਾਪਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲੀਸ ਵੱਲੋਂ ਇਕ ਸਾਲ ਦੌਰਾਨ ਨਸ਼ਾ ਤਸਕਰੀ ਅਤੇ ਸੰਬੰਧਤ ਅਪਰਾਧਾਂ ਖ਼ਿਲਾਫ਼ ਕਾਰਵਾਈ ਤਹਿਤ 1600 ਤੋਂ ਵੱਧ ਕੇਸ ਦਰਜ ਕੀਤੇ ਗਏ।
ਪੁਲੀਸ ਸਿਰਫ ਪ੍ਰੰਪਰਾਗਤ ਤਰੀਕਿਆਂ ਨਾਲ ਹੀ ਨਹੀਂ, ਸਗੋਂ ਨਵੀਆਂ ਰਣਨੀਤੀਆਂ ਅਪਣਾ ਕੇ ਵੀ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਤੋੜ ਰਹੀ ਹੈ। ਇਸ ਮੀਟਿੰਗ ਦੌਰਾਨ ਸਰਪੰਚਾਂ ਪੰਚਾਂ ਤੇ ਪਤਵੰਤਿਆਂ ਨੂੰ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੀ ਸਥਿਤੀ ਬਾਰੇ ਸਿੱਧੀ ਜਾਣਕਾਰੀ ਦੇਣ ਦਾ ਸੱਦਾ ਵੀ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੇ ਏਰੀਆ ਵਾਈਜ਼ ਫੀਡਬੈਕ ਲੈਂਦੇ ਹੋਏ ਸੰਬੰਧਤ ਡੀ ਐੱਸ ਪੀਜ਼ ਅਤੇ ਐੱਸ ਐੱਚ ਓਜ਼ ਨੂੰ ਤੁਰੰਤ ਕਾਰਵਾਈ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਥਾਣੇਦਾਰ ਕਾਹਲੋਂ ਦੀ ਪਿੱਠ ਥਾਪੜੀ
ਮੀਟਿੰਗ ’ਚ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਜਸਪ੍ਰੀਤ ਕਾਹਲੋਂ ਵੱਲੋਂ ਗੱਡੀਆਂ ਵਿੱਚ ਸ਼ਰਾਬ ਪੀਣ ਵਾਲਿਆਂ ਦੀਆਂ ਡੱਡੂ ਬੈਠਕਾਂ ਲਗਾਉਣ ਦਾ ਮਾਮਲਾ ਵੀ ਚਰਚਾ ’ਚ ਰਿਹਾ। ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਇੰਸਪੈਕਟਰ ਜਸਪ੍ਰੀਤ ਕਾਹਲ਼ੋਂ ਦੀ ਪਿੱਠ ਵੀ ਥਾਪੜੀ। ਪੁਲੀਸ ਮੁਖੀ ਦਾ ਕਹਿਣਾ ਸੀ ਕਿ ਮੁਲਜ਼ਮ ਭਾਵੇਂ ਕੋਈ ਵੀ ਹੋਵੇ ਅਗਰ ਉਹ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

