Electricity Cuts: ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਕਿਸਾਨ ਸੜਕਾਂ ’ਤੇ ਆਏ
ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ ਇੱਥੇ ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ‘ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢਢੋਗਲ, ਹਰਿੰਦਰਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸਨਪ੍ਰੀਤ ਸਿੰਘ,...
ਬਿਜਲੀ ਦੀ ਮਾੜੀ ਸਪਲਾਈ ਤੋਂ ਦੁਖੀ ਹੋਏ ਕਿਸਾਨਾਂ ਵੱਲੋਂ ਇੱਥੇ ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ‘ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢਢੋਗਲ, ਹਰਿੰਦਰਜੀਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸਨਪ੍ਰੀਤ ਸਿੰਘ, ਤਰਨਜੀਤ ਸਿੰਘ, ਨਰੰਗ ਸਿੰਘ, ਸੌਦਾਗਰ ਸਿੰਘ ਤੇ ਸੁਖਚੈਨ ਸਿੰਘ ਨੇ ਦੱਸਿਆ ਕਿ ਖੇੜੀ ਫੀਡਰ ’ਤੇ ਤਿੰਨ ਦਿਨ ਹੋ ਗਏ ਮੋਟਰਾਂ ਦੀ ਬਿਜਲੀ ਨਹੀਂ ਆਈ ਤੇ ਦਿਆਲਪੁਰ ਸਣੇ ਹੋਰਨਾ ਫੀਡਰਾਂ ‘ਤੇ ਵੀ ਮਹਿਜ਼ ਦੋ ਤੋਂ ਢਾਈ ਘੰਟੇ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਕਿਸਾਨਾਂ ਦੀ ਹਮਾਇਤ ‘ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਬੀਰ ਸਿੰਘ ਜੱਸੀ ਮੰਨਵੀ ਨੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਮੌਕੇ ‘ਤੇ ਪਹੁੰਚੇ ਡੀ ਐੱਸ ਪੀ ਸੰਜੀਵ ਕਪੂਰ ਦੇ ਯਤਨਾਂ ਸਦਕਾ ਪਾਵਰਕੌਮ ਦੀ ਅਧਿਕਾਰੀ ਦਿਬਿਆ ਸ਼ਰਮਾ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕਿਆ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਇਥੋਂ ਨੇੜਲੇ ਪਿੰਡ ਚੱਠਾ ਨੰਨਹੇੜਾ ਦੇ ਬਿਜਲੀ ਘਰ ਸਾਹਮਣੇ ਦੇਰ ਰਾਤ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਪੂਰੀ ਨਾ ਦੇਣ ਦਾ ਦੋਸ਼ ਲਾਇਆ। ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਦੇ ਨਾਲ ਨਾਲ ਹੁਣ ਘਰਾਂ ਦੀ ਸਪਲਾਈ ਵੀ ਪੰਜਾਬ ਸਰਕਾਰ ਵਲੋਂ ਪੂਰੀ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਹਰ ਵਰਗ ਪ੍ਰੇਸ਼ਾਨ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਇਕੱਤਰ ਹੋਏ ਕਿਸਾਨਾਂ ਨੇ ਬਿਜਲੀ ਘਰ ਚੱਠਾ ਨਨਹੇੜਾ ਵਿੱਚ ਪਹੁੰਚੇ ਅਤੇ ਸਰਕਾਰ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਿਜਲੀ ਸਪਲਾਈ ਬਹਾਲ ਕਰਵਾਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕਈ ਇਲਾਕਿਆਂ ਵਿੱਚ ਖੇਤੀ ਮੋਟਰਾਂ ਨੂੰ ਮਹਿਜ਼ 2 ਤੋਂ 3 ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਝੋਨੇ ਦੀ ਫਸਲ ਨੂੰ ਸਮੇਂ ਸਿਰ ਪਾਣੀ ਨਹੀਂ ਲੱਗ ਰਿਹਾ ਅਤੇ ਕਿਸਾਨਾਂ ਦੀ ਫਸਲ ਸੁੱਕਣ ਦੇ ਕਿਨਾਰੇ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਬਿਜਲੀ ਦੇ ਲੰਮੇ ਅਤੇ ਅਣਐਲਾਨੇ ਕੱਟਾਂ ਕਾਰਨ ਵੀ ਲੋਕ ਬੇਹੱਦ ਪ੍ਰੇਸ਼ਾਨ ਹਨ। ਸ੍ਰੀ ਚੱਠਾ ਨੇ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਸਪਲਾਈ ਵਿੱਚ ਤੁਰੰਤ ਸੁਧਾਰ ਨਾ ਕੀਤਾ ਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਬਿਜਲੀ ਸੰਕਟ ਸਰਕਾਰ ਦੀ ਨਾਕਾਮ ਯੋਜਨਾਬੰਦੀ: ਢੀਂਡਸਾ
ਸੰਗਰੂਰ(ਖੇਤਰੀ ਪ੍ਰਤੀਨਿਧ): ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਬਣੇ ਬਿਜਲੀ ਸੰਕਟ ਲਈ ਸੂਬਾ ਸਰਕਾਰ ਦੀ ਨਾਕਾਮ ਯੋਜਨਾਬੰਦੀ ਅਤੇ ਕਮਜ਼ੋਰ ਪ੍ਰਬੰਧਨ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਲੰਬੇ ਬਿਜਲੀ ਕੱਟਾਂ ਕਾਰਨ ਉਤਪਾਦਨ ਅਤੇ ਕਾਰੋਬਾਰ ਵਿੱਚ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੀ ਐੱਸ ਪੀ ਸੀ ਐੱਲ ਦੇ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਬਕਾਏ ਹਨ, ਜਦਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਵੀ ਬਿਜਲੀ ਬਿੱਲਾਂ ਦੀ ਵੱਡੀ ਰਕਮ ਅਦਾ ਕੀਤੀ ਜਾਣੀ ਬਾਕੀ ਹੈ। ਅਜਿਹੀ ਵਿੱਤੀ ਸਥਿਤੀ ਵਿੱਚ ਪੀ ਐੱਸ ਪੀ ਸੀ ਐੱਲ ਲਈ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਮੁਸ਼ਕਲ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੂੰ ਬਿਜਲੀ ਸੰਕਟ ਦੇ ਕਾਰਨਾਂ ਬਾਰੇ ਤੱਥਾਂ ਸਣੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ।

