ਸਮਾਣਾ ਬਲਾਕ ਦੇ 12 ਪਿੰਡਾਂ ’ਚੋਂ ਬੂਟਾ ਸਿੰਘ ਵਾਲਾ ’ਚ ਹੋਵੇਗੀ ਚੋਣ
ਬਲਾਕ ਸਮਾਣਾ ਦੇ 12 ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਦੀ 27 ਜੁਲਾਈ ਨੂੰ ਜ਼ਿਮਨੀ ਚੋਣ ਸਬੰਧੀ 16 ਪੰਚਾਂ ਦੀ ਚੋਣ ਕੀਤੀ ਜਾਣੀ ਸੀ, ਜਿਨ੍ਹਾਂ ਵਿੱਚੋਂ ਦੋ ਪਿੰਡਾਂ ਘਿਓਰਾ ਅਤੇ ਬਿਸ਼ਨਪੁਰਾ ਤੋਂ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕੀਤੇ। ਪਿੰਡ ਬਦਨਪੁਰ ਵਿੱਚੋਂ ਚਾਰ ਪੰਚਾਂ ਦੀ ਚੋਣ ਹੋਣੀ ਸੀ, ਜਿਨ੍ਹਾਂ ਵਿੱਚੋਂ ਦੋ ਉਮੀਦਵਾਰਾਂ ਵਲੋਂ ਆਪਣੇ ਕਾਗ਼ਜ਼ ਵਾਪਸ ਲਏ ਗਏ। ਹੁਣ 10 ਪਿੰਡਾਂ ਵਿੱਚੋਂ 12 ਪੰਚਾਂ ਦੀ ਚੋਣ ਹੋਣੀ ਸੀ, ਜਿਨ੍ਹਾਂ ਵਿੱਚੋਂ 9 ਪਿੰਡਾਂ ਬਦਨਪੁਰ ਵਾਰਡ ਨੰਬਰ 3 ਤੋਂ ਲਛਮਣ ਸਿੰਘ, ਵਾਰਡ ਨੰਬਰ 5 ਤੋਂ ਪਰਮਜੀਤ ਕੌਰ, ਪਿੰਡ ਕੁਤਬਨਪੁਰ ਵਾਰਡ ਨੰਬਰ 7 ਤੋਂ ਹਰਦੀਪ ਸਿੰਘ, ਪਿੰਡ ਘੰਗਰੋਲੀ ਦੇ ਵਾਰਡ ਨੰਬਰ 1 ਤੋਂ ਜਸਪ੍ਰੀਤ ਕੌਰ, ਪਿੰਡ ਧਨੇਠਾ ਦੇ ਵਾਰਡ ਨੰਬਰ 3 ਤੋਂ ਬੱਬੂ ਸਿੰਘ, ਪਿੰਡ ਅਸਮਾਨਪੁਰ ਦੇ ਵਾਰਡ ਨੰਬਰ 4 ਤੋਂ ਮੇਜਰ ਸਿੰਘ, ਪਿੰਡ ਅਰਾਈਮਾਜਰਾ ਦੇ ਵਾਰਡ ਨੰਬਰ 1 ਤੋਂ ਗੁਰਦੇਵ ਕੌਰ, ਵਾਰਡ ਨੰਬਰ 2 ਤੋਂ ਅਮਰੀਕ ਸਿੰਘ, ਪਿੰਡ ਨਨਹੇੜਾ ਦੇ ਵਾਰਡ ਨੰਬਰ 2 ਤੋਂ ਪਾਲ ਸਿੰਘ, ਪਿੰਡ ਸੱਪਰਹੇੜੀ ਦੇ ਵਾਰਡ ਨੰਬਰ 5 ਗੁਰਵੀਰ ਸਿੰਘ, ਪਿੰਡ ਬੰਮਨਾ ਦੇ ਵਾਰਡ ਨੰਬਰ 4 ਤੋਂ ਗੁਰਜੀਤ ਸਿੰਘ ਨਿਰ-ਵਿਰੋਧ ਚੁਣੇ ਜਾਣ ਕਾਰਨ ਕੁੱਲ 11 ਪੰਚ ਚੁਣੇ ਗਏ ਹਨ। ਪਿੰਡ ਬੂਟਾ ਸਿੰਘ ਵਾਲਾ ਵਿੱਚ ਵਾਰਡ ਨੰਬਰ 5 ਵਿੱਚ ਚੋਣ ਹੋਣੀ ਹੈ, ਜਿੱਥੇ ਤਿੰਨ ਉਮੀਦਵਾਰਾਂ ਮੇਜਰ ਸਿੰਘ, ਪੱਪੂ ਸਿੰਘ ਅਤੇ ਬਲਵੀਰ ਕੌਰ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਸਨ। ਮੇਜਰ ਸਿੰਘ ਦੇ ਕਾਗਜ਼ ਵਾਪਸ ਲੈਣ ਕਰਕੇ ਹੁਣ ਉਸ ਪਿੰਡ ਦੇ ਵਾਰਡ ਨੰਬਰ 5 ਲਈ ਪੱਪੂ ਸਿੰਘ ਅਤੇ ਬਲਵੀਰ ਕੌਰ ਮੈਦਾਨ ਵਿੱਚ ਰਹਿ ਗਏ ਹਨ, ਜਿਸ ਕਾਰਨ ਹੁਣ ਸਮਾਣਾ ਬਲਾਕ ਦੇ ਇੱਕ ਪਿੰਡ ਵਿੱਚ 27 ਜੁਲਾਈ ਨੂੰ ਚੋਣ ਹੋਵੇਗੀ।