ਸੰਗਰੂਰ ਵਿੱਚ ਪੇਚਿਸ਼ ਨੇ ਪੈਰ ਪਸਾਰੇ; ਲੋਕਾਂ ’ਚ ਸਹਿਮ
ਗੁਰਦੀਪ ਸਿੰਘ ਲਾਲੀ/ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 24 ਮਈ
ਇਥੇ ਦੂਸ਼ਿਤ ਪਾਣੀ ਕਾਰਨ ਦਸਤ, ਉਲਟੀਆਂ ਅਤੇ ਪੇਟ ਦੀਆਂ ਬਿਮਾਰੀਆਂ ਨਾਲ ਲੋਕ ਲਗਾਤਾਰ ਬਿਮਾਰ ਹੋ ਰਹੇ ਹਨ। ਸਨਿੱਚਰਵਾਰ ਨੂੰ ਗੰਗਾ ਰਾਮ ਬਸਤੀ ਨਿਵਾਸੀ ਸੋਮਾ (60), ਅਵਨੀਤ ਸਿੰਘ (14) ਨਾਭਾ ਗੇਟ ਸੰਗਰੂਰ, ਕਰਨੈਲ ਸਿੰਘ (48) ਸੁੰਦਰ ਬਸਤੀ, ਜਸਵੀਰ ਕੌਰ (58) ਰਾਮ ਨਗਰ ਬਸਤੀ, ਦੇਸਰਾਜ (52) ਰਾਮ ਨਗਰ ਬਸਤੀ, ਗੁੱਡੀ ਦੇਵੀ (45) ਨੂੰ ਦੂਸ਼ਿਤ ਪਾਣੀ ਕਾਰਨ ਹਾਲਤ ਵਿਗੜਨ ’ਤੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾ. ਕਪਿਲ ਗੋਇਲ ਨੇ ਦੱਸਿਆ ਕਿ ਹਸਪਤਾਲ ਵਿੱਚ ਉਲਟੀਆਂ, ਦਸਤ ਅਤੇ ਪੇਟ ਨਾਲ ਸਬੰਧਤ ਛੇ ਮਰੀਜ਼ ਆਏ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਇਨ੍ਹਾਂ ਸਭ ਦੀ ਹਾਲਤ ਸਥਿਰ ਹੈ। ਵਾਰਡ ਨੰਬਰ 22 ਦੇ ਕੌਂਸਲਰ ਅਵਤਾਰ ਸਿੰੰਘ ਤਾਰਾ ਨੇ ਕਿਹਾ ਕਿ ਲੋਕਾਂ ਦੇ ਘਰਾਂ ਵਿਚ ਲਗਾਤਾਰ ਦੂਸ਼ਿਤ ਪਾਣੀ ਦਾ ਆਉਣਾ ਜਾਰੀ ਹੈ। ਹਾਲਾਂਕਿ, ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਜਾਣੂ ਕਰਵਾਇਆ ਗਿਆ ਪ੍ਰੰਤੂ ਸਲੱਮ ਏਰੀਆ ਹੋਣ ਦੇ ਕਾਰਨ ਕੋਈ ਸਾਰ ਨਹੀਂ ਲੈ ਰਿਹਾ ਹੈ। ਉਹ ਆਪਣੇ ਤੌਰ ’ਤੇ ਹੀ ਲੋਕਾਂ ਦੇ ਘਰਾਂ ਵਿਚ ਦਵਾਈਆਂ, ਓਆਰਐੱਸ ਦੇ ਪੈਕੇਟ ਵੰਡ ਰਹੇ ਹਨ। ਦੱਸਣਯੋਗ ਹੈ ਸਥਾਨਕ ਸ਼ਹਿਰ ਵਿੱਚ ਬੀਤੇ ਦਿਨ ਪੇਚਿਸ਼ ਦੇ ਅੱਠ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਲਗਭਗ ਛੇ ਮਰੀਜ਼ ਡਾਇਰੀਆ ਪਾਜ਼ੇਟਿਵ ਆਉਣ ਕਾਰਨ ਸ਼ਹਿਰ ਅੰਦਰ ਡਰ ਦਾ ਮਾਹੌਲ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਅੰਦਰ ਲਗਾਤਾਰ ਡਾਇਰੀਆ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਜਿਸ ਕਾਰਨ ਸਲੱਮ ਏਰੀਆ ਤੋਂ ਬਾਹਰ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਦੂਸ਼ਿਤ ਪਾਣੀ ਕਾਰਨ ਡਾਇਰੀਆ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਡਾਇਰੀਆ ਫੈਲਣ ਦਾ ਸਿਲਸਿਲਾ ਮਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿਚ ਸ਼ਹਿਰ ਦੇ ਵਾਰਡ ਨੰਬਰ 21 ਸੁੰਦਰ ਬਸਤੀ ਤੋਂ ਸ਼ੁਰੂ ਹੋਇਆ ਸੀ। ਜਿੱਥੇ ਆਮ ਆਦਮੀ ਪਾਰਟੀ ਦੀ ਕੌਂਸਲਰ ਸਣੇ ਦਰਜਨ ਮਰੀਜ਼ ਡਾਇਰੀਆ ਤੋਂ ਪੀੜਤ ਪਾਏ ਗਏ ਸਨ। ਦੂਸ਼ਿਤ ਪਾਣੀ ਦੀ ਲਗਾਤਾਰ ਸਪਲਾਈ ਦੇ ਨਾਲ ਸਲੱਮ ਏਰੀਆ ਅਜੀਤ ਨਗਰ ਅਤੇ ਗੰਗਾ ਰਾਮ ਬਸਤੀ ਵਿੱਚ ਡਾਇਰੀਆ ਫੈਲ ਗਿਆ। ਦੋਵਾਂ ਬਸਤੀਆਂ ’ਚੋਂ ਡਾਇਰੀਆ ਦੇ ਅੱਠ 8 ਮਰੀਜ਼ ਸਾਹਮਣੇ ਆ ਚੁੱਕੇ ਹਨ। ਸ਼ਹਿਰ ਦੀਆਂ ਵੱਖ-ਵੱਖ ਬਸਤੀਆਂ ਵਿੱਚ ਲੋਕ ਦੂਸ਼ਿਤ ਪਾਣੀ ਪੀਣ ਨੂੰ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਸਣੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਪ੍ਰੰਤੂ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਪਾਸੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲਗਾਤਾਰ ਸਪਲਾਈ ਹੋ ਰਹੇ ਦੂਸ਼ਿਤ ਪਾਣੀ ਦੀ ਸਪਲਾਈ ਨੂੰ ਰੋਕਿਆ ਜਾਵੇ ਅਤੇ ਲੋਕਾਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇ।
ਸਿਹਤ ਵਿਭਾਗ ਦੀ ਟੀਮ ਪਾਣੀ ਦੇ ਸੈਂਪਲ ਭਰਨ ’ਚ ਲੱਗੀ
ਸਿਹਤ ਵਿਭਾਗ ਅਤੇ ਵਾਟਰ ਸਪਲਾਈ ਦੀ ਟੀਮ ਵੱਲੋਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਘਰਾਂ ਵਿਚੋਂ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ। ਇਸ ਤੋਂ ਇਲਾਵਾ ਟੀਮ ਨੇ ਡੋਰ-ਟੂ-ਡੋਰ ਜਾ ਕੇ ਡਾਇਰੀਆ ਦੇ ਲੱਛਣ ਪਾਏ ਜਾਣ ਤੇ ਮਰੀਜ਼ਾਂ ਨੂੰ ਦਵਾਈਆਂ ਅਤੇ ਲੋਕਾਂ ਨੂੰ ਇਸਤੋਂ ਬਚਾਅ ਲਈ ਉਪਾਅ ਦੱਸੇ ਜਾ ਰਹੇ ਹਨ। ਘਰਾਂ ਵਿਚ ਕਲੋਰੀਨ ਦੀਆਂ ਗੋਲੀਆਂ, ਓਆਰਐੱਸ ਦੇ ਪੈਕੇਜ ਵੰਡੇ ਜਾ ਰਹੇ ਹਨ।