ਜੈਸਮੀਨ ਭਾਰਦਵਾਜ
ਨਾਭਾ, 23 ਸਤੰਬਰ
ਪੁਲੀਸ ਨੇ ਨਾਭਾ ਜੇਲ੍ਹ ਦੀ ਹਦੂਦ ਵਿੱਚ ਡਰੋਨ ਉਡਾ ਰਹੇ ਚਾਰ ਫੋਟੋਗ੍ਰਾਫਰ ਗ੍ਰਿਫਤਾਰ ਕੀਤੇ ਹਨ। ਇਹ ਫੋਟੋਗ੍ਰਾਫਰ ਇੱਥੇ ਕੁਝ ਪ੍ਰਾਪਰਟੀ ਡੀਲਰਾਂ ਵੱਲੋਂ ਬੁਲਾਏ ਗਏ ਸਨ। ਹੁਣ ਤੱਕ ਦੀ ਪੁਲੀਸ ਤਫਤੀਸ਼ ਮੁਤਾਬਕ ਪ੍ਰਾਪਰਟੀ ਡੀਲਰਾਂ ਨੇ ਜੇਲ੍ਹ ਦੇ ਨੇੜੇ ਕੁਝ ਨਿੱਜੀ ਪ੍ਰਾਪਰਟੀ ਦੀ ਵਿਕਰੀ ਕਰਨ ਖਾਤਰ ਮਸ਼ਹੂਰੀ ਲਈ ਵੀਡੀਓ ਤਿਆਰ ਕਰਵਾਉਣੀ ਸੀ। ਇਸ ਮੰਤਵ ਲਈ ਉਹ ਆਸ-ਪਾਸ ਦੇ ਇਲਾਕੇ ਦੀ ਵੀਡੀਓਗ੍ਰਾਫੀ ਕਰਵਾ ਰਹੇ ਸਨ ਪਰ ਡਰੋਨ ਨੂੰ ਪਾਬੰਦੀਸ਼ੁਦਾ ਖਿੱਤੇ ਵਿੱਚ ਲੈ ਗਏ।
ਨਾਭਾ ਸਦਰ ਐੱਸਐੱਚਓ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪਾਬੰਦੀਸ਼ੁਦਾ ਇਲਾਕੇ ਵਿੱਚ ਡਰੋਨ ਉੱਡਦਾ ਦੇਖ ਕੁਇਕ ਰਿਸਪੌਂਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪੜਤਾਲ ਦੌਰਾਨ ਪਤਾ ਲੱਗਿਆ ਕਿ ਉਹ ਪ੍ਰਾਪਰਟੀ ਦੀ ਮਸ਼ਹੂਰੀ ਲਈ ਪ੍ਰਾਪਰਟੀ ਡੀਲਰਾਂ ਵੱਲੋਂ ਬੁਲਾਏ ਗਏ ਸਨ।
ਫਿਲਹਾਲ ਪੁਲੀਸ ਨੇ ਹਰਭਜਨ ਸਿੰਘ, ਪਵਨ ਸਿੰਘ, ਗੁਰਦੀਪ ਸਿੰਘ ਵਾਸੀਆਂ ਚੰਡੀਗੜ੍ਹ ਅਤੇ ਭਗਵਾਨ ਸਿੰਘ ਵਾਸੀ ਸਮਾਣਾ ਨੂੰ ਪਾਬੰਦੀਸ਼ੁਦਾ ਇਲਾਕੇ ਵਿੱਚ ਡਰੋਨ ਉਡਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਜੇਲ੍ਹ ਦੇ ਅੱਧਾ ਕਿਲੋਮੀਟਰ ਦੇ ਦਾਇਰੇ ਵਿੱਚ ਵੀ ਡਰੋਨ ਉਡਾਉਣ ’ਤੇ ਪਾਬੰਦੀ ਹੈ ਜਿਸਦਾ ਲੋਕਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ।