Donating Land for University: ਯੂਨੀਵਰਸਿਟੀ ਨੂੰ ਜ਼ਮੀਨ ਦੇ ਕੇ ਲੋਕ ਪਛਤਾਉਣ ਲੱਗੇ
ਜ਼ਮੀਨ ਗਈ ਤੇ ਅਾਮਦਨ ਵੀ ਬੰਦ ਹੋਈ; ਬਹਿਲ ਵਾਸੀ ਜ਼ਮੀਨ ਵਾਪਸ ਮੰਗਣ ਲੱਗੇ
ਹਲਕਾ ਸਨੌਰ ਅਧੀਨ ਆਉਂਦੇ ਬਲਾਕ ਭੁੱਨਰਹੇੜੀ ਦੇ ਪਿੰਡ ਬਹਿਲ ਦੀ ਪੰਚਾਇਤ ਨੇ ਯੂਨੀਵਰਸਿਟੀ ਬਣਨ ਲਈ 10 ਏਕੜ ਸ਼ਾਮਲਾਤ ਜ਼ਮੀਨ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਨੂੰ ਦਾਨ ਵਜੋਂ ਦਿੱਤੀ ਸੀ। ਹੁਣ ਪਿੰਡ ਬਹਿਲ ਦੇ ਲੋਕ ਜ਼ਮੀਨ ਦਾਨ ਕਰ ਕੇ ਪਛਤਾ ਰਹੇ ਹਨ। ਕਿਉਂਕਿ ਪਿੰਡ ਦੀ ਪੰਚਾਇਤ ਨੂੰ ਇਸ ਸ਼ਾਮਲਾਤ ਜ਼ਮੀਨ ਤੋਂ ਲੱਖਾਂ ਰੁਪਏ ਦੀ ਸਾਲਾਨਾ ਆਮਦਨ ਹੁੰਦੀ ਸੀ ਜੋ ਬੰਦ ਹੋ ਚੁੱਕੀ ਹੈ। ਪੰਚਾਇਤ ਨੇ ਪਿੰਡ ਬਹਿਲ ਨੂੰ ਉੱਚ ਸਿੱਖਿਆ ਦੇ ਕੇਂਦਰ ਵਜੋਂ ਉਭਾਰਨ ਦੇ ਮਕਸਦ ਨਾਲ ਆਪਣੀ ਜ਼ਮੀਨ ਦਿੱਤੀ ਸੀ। ਇਸ ਜ਼ਮੀਨ ‘ਤੇ ਯੂਨੀਵਰਸਿਟੀ ਦੀ ਇਮਾਰਤ ਬਣਾਉਣਾ ਤਾਂ ਦੂਰ ਦੀ ਗੱਲ ਪ੍ਰਸ਼ਾਸਨ ਨੇ ਹਾਲੇ ਤੱਕ ਇੱਕ ਇੱਟ ਤੱਕ ਨਹੀਂ ਲਾਈ। ਇਸ ਕਾਰਨ ਪੰਚਾਇਤ ਅਤੇ ਪਿੰਡ ਵਾਸੀਆਂ ਵਿੱਚ ਰੋਸ ਹੈ। ਪੰਚਾਇਤ ਸਮਿਤੀ ਭੁੱਨਰਹੇੜੀ ਦੇ ਸਾਬਕਾ ਵਾਈਸ ਚੇਅਰਮੈਨ ਜਸਦੇਵ ਇੰਘ ਜੱਸਾ ਬਹਿਲ ਨੇ ਕਿਹਾ ਕਿ ਪਿੰਡ ਵਾਸੀਆਂ ਹੱਥੋਂ ਜ਼ਮੀਨ ਵੀ ਗਈ ਤੇ ਯੂਨੀਵਰਸਿਟੀ ਵੀ ਨਾ ਬਣੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਇੱਥੇ ਯੂਨੀਵਰਸਿਟੀ ਬਣਾਉਣ ਦਾ ਇੱਛੁਕ ਨਹੀਂ ਹੈ ਤਾਂ ਉਨ੍ਹਾਂ ਦੀ ਸ਼ਾਮਲਾਤ ਜ਼ਮੀਨ ਪੰਚਾਇਤ ਨੂੰ ਵਾਪਸ ਕੀਤੀ ਜਾਵੇ।
ਮੁੱਖ ਸੜਕ ਤੋਂ ਰਸਤਾ ਮਿਲਣ ਮਗਰੋਂ ਕੰਮ ਸ਼ੁਰੂ ਕਰਾਂਗੇ: ਵੀ ਸੀ
ਜਗਤ ਗੁਰੂ ਨਾਨਕ ਦੇਵ ਉਪਨ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਰਤਨ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਜ਼ਮੀਨ ਨੂੰ ਮੁੱਖ ਸੜਕ ਤੋਂ ਰਸਤਾ ਨਹੀਂ ਹੈ। ਰਸਤਾ ਲੈਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਬਣਾਉਣ ਲਈ ਸੈਂਟਰ ਸਰਕਾਰ ਤੋਂ ਫੰਡ ਆਇਆ ਹੋਇਆ ਹੈ। ਯੂਨੀਵਰਸਿਟੀ ਦੀ ਇਮਾਰਤ ਦਾ ਨਕਸ਼ਾ ਵੀ ਤਿਆਰ ਹੈ। ਸਾਰਾ ਕੰਮ ਰਸਤੇ ਕਾਰਨ ਰੁਕਿਆ ਹੋਇਆ ਹੈ। ਰਸਤੇ ਦੇ ਹਲ ਤੋਂ ਬਾਅਦ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।

