ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਨਵੰਬਰ
ਲੋਕ ਸਭਾ ਮੈਂਬਰ ਪਰਨੀਤ ਕੌਰ ਵੱਲੋਂ ਅੱਜ ਪਟਿਆਲਾ ਸ਼ਹਿਰ ਦੀਆਂ ਪ੍ਰਮੁੱਖ ਟਰੈਫ਼ਿਕ ਲਾਈਟਾਂ ’ਤੇ ਲਗਾਏ ਗਏ ਐਲਈਡੀ ਆਧਾਰਤ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ। ਪਟਿਆਲਾ ਪੁਲੀਸ ਵੱਲੋਂ ਲੀਲ੍ਹਾ ਭਵਨ ਚੌਕ ਵਿੱਚ ਕਰਵਾਏ ਸਮਾਗਮ ਦੌਰਾਨ ਬੀਬੀ ਪਰਨੀਤ ਕੌਰ ਨੇ ਕਿਹਾ ਕਿ ਇਹ ਡਿਜੀਟਲ ਬੋਰਡ ਜਿਥੇ ਸਰਕਾਰ ਦੀਆਂ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣਗੇ ਉਥੇ ਹੀ ਟਰੈਫ਼ਿਕ ਨਿਯਮਾਂ ਤੇ ਕੋਵਿਡ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲੋਕਾਂ ਨੂੰ ਸੁਚੇਤ ਕਰਨਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਪਟਿਆਲਾ ਪੁਲੀਸ ਵੱਲੋਂ ਲਗਾਏ ਗਏ ਇਹ ਡਿਜੀਟਲ ਬੋਰਡ ਪਟਿਆਲਾ ਵਾਸੀਆਂ ਤੱਕ ਸੂਚਨਾਵਾਂ ਪਹੁੰਚਾਉਣ ਲਈ ਕਾਫ਼ੀ ਉਪਯੋਗੀ ਸਿੱਧ ਹੋਣਗੇ ਤੇ ਇਸ ਨਾਲ ਜਿਥੇ ਪਟਿਆਲਾ ਸ਼ਹਿਰ ਦੀ ਸੁੰਦਰ ਦਿੱਖ ਹੋਰ ਚੰਗੀ ਤਰ੍ਹਾਂ ਉਭਰੇਗੀ, ਉਥੇ ਹੀ ਟਰੈਫ਼ਿਕ ਨਿਯਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਤੇ ਕੋਵਿਡ ਵਰਗੀ ਮਹਾਂਮਾਰੀ ਤੋਂ ਲੋਕਾਂ ਨੂੰ ਸਾਵਧਾਨੀਆਂ ਰੱਖਣ ਲਈ ਪ੍ਰੇਰਿਤ ਕਰਨ ’ਚ ਵੀ ਇਹ ਸਹਾਈ ਸਿੱਧ ਹੋਣਗੇ। ਸੀਸੀਟੀਵੀ ਕੈਮਰਿਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ, ਸਰਕਾਰ ਵੱਲੋਂ ਨਗਰ ਨਿਗਮ ਨੂੰ 4 ਕਰੋੜ ਦੇ ਫੰਡ ਦਿੱਤੇ ਗਏ ਹਨ। ਇਹ ਸੀਸੀਟੀਵੀ ਕੈਮਰੇ ਟਰੈਫ਼ਿਕ ਲਾਈਟਾਂ ’ਤੇ ਲਗਾਏ ਜਾਣਗੇ।
ਇਸ ਮੌਕੇ ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਨਗਰ ਨਿਗਮ ਸਹਿਯੋਗ ਨਾਲ ਇਹ ਡਿਜੀਟਲ ਬੋਰਡ ਪਟਿਆਲਾ ਦੇ ਪ੍ਰਮੁੱਖ ਚੌਕਾਂ ’ਤੇ ਲਗਾਏ ਗਏ ਹਨ। ਜਿਸ ਵਿੱਚ ਲੀਲ੍ਹਾ ਭਵਨ ਤੇ ਫੁਹਾਰਾ ਚੌਕ ਵਿੱਚ ਰੰਗਦਾਰ ਡਿਜੀਟਲ ਬੋਰਡ ਲਗਾਏ ਗਏ ਹਨ ਤੇ ਸ਼ੇਰਾਂ ਵਾਲਾ ਗੇਟ, ਬੱਸ ਸਟੈਂਡ, ਅਰਬਨ ਅਸਟੇਟ, ਸਰਹਿੰਦ ਰੋਡ ਬਾਈਪਾਸ, ਖੰਡਾ ਚੌਂਕ ਅਤੇ ਥਾਪਰ ਕਾਲਜ ਕੋਲ ਲਗਾਏ ਗਏ ਬੋਰਡ ਲਾਲ ਅੱਖਰਾਂ ’ਚ ਹਨ, ਜੋ ਦੂਰ ਤੋਂ ਆਸਾਨੀ ਨਾਲ ਪੜ੍ਹੇ ਜਾ ਸਕਦੇ ਹਨ। ਟਰੈਫ਼ਿਕ ਲਾਈਟਾਂ ’ਤੇ ਖੜ੍ਹੇ ਲੋਕਾਂ ਨੂੰ ਇਨ੍ਹਾਂ ਬੋਰਡਾਂ ਰਾਹੀਂ ਟਰੈਫ਼ਿਕ ਨਿਯਮਾਂ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ਜਲਦੀ ਹੀ ਇਹ ਪਟਿਆਲਾ ਜ਼ਿਲ੍ਹੇ ਦੇ ਹੋਰ ਖੇਤਰਾਂ ਤੇ ਖਾਸਕਰ ਬਾਰਡਰ ਨਾਲ ਲੱਗਦੇ ਖੇਤਰਾਂ ’ਚ ਇਹ ਡਿਜੀਟਲ ਬੋਰਡ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਏ ਜਾਣਗੇ। ਸਮਾਗਮ ਦੌਰਾਨ ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਬਿੱਟੂ, ਮੁੱਖ ਮੰਤਰੀ ਦੇ ਓ.ਐੱਸ.ਡੀ ਹਨੀ ਸੇਖੋਂ, ਲੋਕ ਸਭਾ ਮੈਂਬਰ ਦੇ ਨਿੱਜੀ ਸਕੱਤਰ ਬਲਵਿੰਦਰ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੇ.ਕੇ. ਮਲਹੋਤਰਾ, ਨਗਰ ਨਿਗਮ ਦੇ ਕਮਿਸ਼ਨਰ ਪੂਨਮ ਦੀਪ ਕੌਰ, ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਪੀ.ਐੱਚ ਨਵਨੀਤ ਬੈਂਸ ਅਤੇ ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ ਵੀ ਹਾਜ਼ਰ ਸਨ।