ਢੀਂਡਸਾ ਨੇ ਕਦੇ ਵੀ ਦਖ਼ਲਅੰਦਾਜ਼ੀ ਨਹੀਂ ਕੀਤੀ: ਟਰੱਸਟੀ

ਮਸਤੂਆਣਾ ਸਾਹਿਬ ਦੇ ਗੁਰੂਘਰ ਬਾਰੇ ਜਾਰੀ ਹੁਕਮਨਾਮੇ ’ਤੇ ਸੰਗਤ ਨੂੰ ਗੁੰਮਰਾਹ ਕੀਤੇ ਜਾਣ ਦਾ ਦਾਅਵਾ

ਢੀਂਡਸਾ ਨੇ ਕਦੇ ਵੀ ਦਖ਼ਲਅੰਦਾਜ਼ੀ ਨਹੀਂ ਕੀਤੀ: ਟਰੱਸਟੀ

ਮਸਤੂਆਣਾ ਸਾਹਿਬ ਵਿੱਚ ਬਣੇ ਗੁਰਦੁਆਰੇ ਦੀ ਝਲਕ।

ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 12 ਅਗਸਤ

ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਸਥਾਪਤ ਕੀਤੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਪਿਛਲੇ ਪਾਸੇ 1969-1970 ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੀ ਤਰਜ਼ ’ਤੇ ਬਣੇ ਗੁਰੂਘਰ ਦਾ ਮਾਮਲਾ ਇਕ ਵਾਰ ਫੇਰ ਭਖ ਗਿਆ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਸੁਖਦੇਵ ਸਿੰਘ ਢੀਂਡਸਾ ਵੱਖ ਹੋ ਚੁੱਕੇ ਹਨ। ਪਹਿਲਾਂ ਇਹ ਮਸਲਾ ਉਦੋਂ ਭਖਿਆ ਸੀ ਜਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਿਚਾਲੇ ਮਤਭੇਦ ਹੋ ਗਏ ਅਤੇ ਸ੍ਰੀ ਢੀਂਡਸਾ, ਬਾਦਲ ਹੁਰਾਂ ਨਾਲ ਸਨ।

ਸੰਤ ਅਤਰ ਸਿੰਘ ਗੁਰਸਾਗਰ ਮਸਤੂਆਣਾ ਟਰੱਸਟ ਦੇ ਮੈਂਬਰ ਦਲਜੀਤ ਸਿੰਘ ਸਾਬਕਾ ਐੱਸਪੀ, ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਤੇ ਸਕੱਤਰ ਜਸਵੰਤ ਸਿੰਘ ਖਹਿਰਾ ਹੋਰਾਂ ਅਨੁਸਾਰ ਕੁਝ ਲੋਕ ਇਸ ਗੁਰਦੁਆਰੇ ਸਬੰਧੀ 2009 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਬਾਬਤ ਸੰਗਤ ਨੂੰ ਗੁੰਮਰਾਹ ਕਰ ਕੇ ਸਿਆਸੀ ਫਾਇਦਾ ਉਠਾ ਰਹੇ ਹਨ। ਜਦੋਂ ਕਿ ਹੁਕਮਨਾਮੇ ਨਾਲ ਮਸਤੂਆਣਾ ਟਰੱਸਟ ਦਾ ਕੋਈ ਸਬੰਧ ਨਹੀਂ ਕਿਉਂਕਿ ਇਹ ਹੁਕਮਨਾਮਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਜਾਰੀ ਹੋਇਆ ਹੈ। ਪਰ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਹੁਕਮਨਾਮਾ ਪੜ੍ਹਿਆ ਤੱਕ ਵੀ ਨਹੀਂ ਹੋਣਾ।ਇਹ ਹੁਕਮਨਾਮਾ ਜਾਰੀ ਹੋਣ ਮਗਰੋਂ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰੂਘਰ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਇਸ ਗੁਰੂਘਰ ਬਹੁਤ ਸਾਰੀਆਂ ਤਬਦੀਲੀਆਂ ਕਰ ਦਿੱਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਹੁਕਮਨਾਮਾ ਜਾਰੀ ਹੋਣ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਉਹ ਸ਼ਾਮਲ ਸਨ। ਟਰੱਸਟੀਆਂ ਨੇ ਕਿਹਾ ਕਿ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਸੁਖਦੇਵ ਸਿੰਘ ਢੀਂਡਸਾ ਵੱਖ ਹੋ ਚੁੱਕੇ ਹਨ ਤਾਂ ਇਹ ਮਸਲਾ ਮੁੜ ਤੋਂ ਭਖਾ ਲਿਆ ਗਿਆ ਤੇੇ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਸੱਦਣ ਦੀ ਮੰਗ ਕੀਤੀ ਹੈ।

ਉਨ੍ਹਾਂ ਮੁਤਾਬਕ ਜਦੋਂ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕੀਤਾ ਹੋਇਆ ਹੈ ਉਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਤੇ ਸੰਤ ਅਤਰ ਸਿੰਘ ਟਰੱਸਟ ਮਸਤੂਆਣਾ ਦੇ ਪ੍ਰਬੰਧਾਂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਜਦੋਂ ਕਿ ਇਸ ਗੁਰੂਘਰ ਦੀ ਬਣੀ ਇਮਾਰਤ ਵਿੱਚ ਸ੍ਰੀ ਢੀਂਡਸਾ ਦੀ ਕੋਈ ਵੀ ਦਖ਼ਲਅੰਦਾਜ਼ੀ ਨਹੀ ਹੈ ਹਾਲਾਂਕਿ ਉਹ ਕੌਂਸਲ ਅਤੇ ਟਰੱਸਟ ਦੇ ਪ੍ਰਧਾਨ ਹਨ ਤੇ ਉਨ੍ਹਾਂ ਕੰਮ ਦੀ ਨਿਗਰਾਨੀ ਜ਼ਰੂਰ ਕੀਤੀ ਜਾਂਦੀ ਹੈ। ਉਨ੍ਹਾਂ ਨੇ ਹੁਕਮਨਾਮਾ ਲਾਗੂ ਨਾ ਕਰਨ ਸਬੰਧੀ ਕਿਸੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ’ਤੇ ਕੋਈ ਦਬਾਅ ਨਹੀਂ ਪਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਨੂੰ ਸਾਰੀ ਸਚਾਈ ਤੋਂ ਜਾਣੂ ਕਰਵਾਉਣ ਲਈ ਜਲਦੀ ਹੀ ਟਰੱਸਟ ਵੱਲੋਂ ਇੱਕ ਡੈਪੂਟੇਸ਼ਨ ਮਿਲੇਗਾ।

‘ਸੰਤਾਂ ਦੀ ਮਨਸ਼ਾ ਸੁੰਦਰ ਗੁਰੂਘਰ ਬਣਾਉਣ ਦੀ ਸੀ’

ਮਸਤੂਆਣਾ ਸਾਹਿਬ ਵਿੱਚ ਬਣੀ ਗੁਰੂਘਰ ਦੀ ਇਮਾਰਤ ਸਬੰਧੀ ਮੌਕੇ ਦੇ ਚਸ਼ਮਦੀਦ ਬਜ਼ੁਰਗ ਮਿਸਤਰੀ ਤੇਜਾ ਸਿੰਘ ਬਡਰੁੱਖਾਂ ਅਤੇ ਮਿਸਤਰੀ ਕ੍ਰਿਸ਼ਨ ਸਿੰਘ ਬਡਰੁੱਖਾਂ ਨੇ ਦੱਸਿਆ ਕਿ ਸੰਤਾਂ ਦੀ ਮਨਸ਼ਾ ਸੁੰਦਰ ਗੁਰੂ ਘਰ ਬਣਾਉਣ ਦੀ ਸੀ, ਨਾ ਕਿ ਸ੍ਰੀ ਦਰਬਾਰ ਸਾਹਿਬ ਦੀ ਬਰਾਬਰੀ ਕਰਨ ਦੀ। ਉਨ੍ਹਾਂ ਦੱਸਿਆ ਕਿ 2008 ਤੱਕ ਇਸ ਗੁਰੂਘਰ ਦੀ ਤਕਰੀਬਨ ਸਾਰੀ ਇਮਾਰਤ ਉਨ੍ਹਾਂ ਹੱਥੋਂ ਹੀ ਬਣਵਾਈ ਗਈ। ਇਸ ’ਚ ਉਸ ਸਮੇਂ ਸੁਖਦੇਵ ਸਿੰਘ ਢੀਂਡਸਾ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕੋਈ ਰੋਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਕਿਸੇ ਵੀ ਲੀਡਰ ਜਾਂ ਕਿਸੇ ਵੀ ਸੰਸਥਾ ਦੇ ਆਗੂ ਵੱਲੋਂ ਇਸ ਇਮਾਰਤ ਨੂੰ ਬਣਾਉਣ ਦਾ ਕੋਈ ਵੀ ਵਿਰੋਧ ਨਹੀਂ ਸੀ ਕੀਤਾ ਗਿਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All