ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਵਿੱਚ ਕਾਮਯਾਬ ਹੋਈ ਹੈ। ਸਰਕਾਰ ਨੇ ਕਿਸਾਨਾਂ ਦੇ ਖੇਤਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹਈਆ ਕਰਵਾ ਕੇ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਇਆ ਹੈ। ਅੱਜ ਉਨ੍ਹਾਂ ਹਲਕਾ ਸਨੌਰ ਵਿੱਚ ਪੱਕੇ ਕੀਤੇ ਘੜਾਮ ਅਤੇ ਹੀਰਾਗੜ੍ਹ ਰਜਵਾਹਿਆਂ ਦਾ ਉਦਘਾਟਨ ਕੀਤਾ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿੱਚ ਪਿੰਡ ਹਡਾਣਾ ਵਿੱਚ ਕਰਵਾਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਕੀਤੇ ਸਾਰੇ ਵਾਦੇ ਪੁਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਲੋਕਾਂ ਨੂੰ ਲਾਰੇ ਲਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖ਼ਤਮ ਹੋਣ ਦੀ ਕਗਾਰ ਉੱਤੇ ਸੀ ਜਿਸ ਨੂੰ ਬਚਾਉਣ ਲਈ ‘ਆਪ’ ਸਰਕਾਰ ਨੇ ਸੂਬੇ ਅੰਦਰ ਵਾਹੀ ਅਧੀਨ ਆਉਂਦਾ 80 ਪ੍ਰਤੀਸ਼ਤ ਰਕਬਾ ਨਹਿਰੀ ਪਾਣੀ ਹੇਠ ਕਵਰ ਕਰ ਲਿਆ ਹੈ ਜਦਕਿ ਬਾਕੀ ਰਹਿੰਦੇ ਖੇਤਾਂ ਨੂੰ ਵੀ ਜਲਦ ਨਹਿਰੀ ਪਾਣੀ ਮੁਹੱਈਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਰਜਵਾਹਿਆਂ ਨੂੰ ਪੱਕਾ ਕਰਨ ਤੋਂ ਇਲਾਵਾ ਜ਼ਮੀਨਦੋਜ਼ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰੀ ਗੋਇਲ ਨੇ ਪਿੰਡਾਂ ਦੇ ਵਿਕਾਸ ਕਾਰਜ ਲਈ ਸਰਪੰਚਾਂ ਨੂੰ ਛੇ ਕਰੋੜ ਦੀ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਕੈਬਨਿਟ ਮੰਤਰੀ ਅੱਗੇ ਮੀਰਾਂਪੁਰ ਚੋਅ ਅਤੇ ਅਦਾਲਤੀਵਾਲਾ ਡਰੇਨ ਨੂੰ ਚੌੜਾ ਅਤੇ ਡੂੰਘਾ ਕਰਨ ਦਾ ਮੁੱਦਾ ਰੱਖਿਆ। ਉਨ੍ਹਾਂ ਸਮਾਗਮ ਵਿੱਚ ਪਹੁੰਚਣ ’ਤੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਦੇਵ ਸਿੰਘ, ਲਾਲੀ ਰਹਿਲ, ਬਲਾਕ ਸਮਿਤੀ ਚੇਅਰਮੈਨ ਚਰਨਜੀਤ ਨੈਣਾਂ, ਡਾ. ਗੁਰਮੀਤ ਸਿੰਘ ਬਿੱਟੂ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਉਪ ਚੇਅਰਮੈਨ ਸਿਮਰਜੀਤ ਸੋਹਲ, ਮਨਿੰਦਰ ਫਰਾਂਸ ਵਾਲਾ, ਚੇਅਰਮੈਨ ਹਨੀ ਮਾਹਲਾ, ਸਰਪੰਚ ਗੁਰਪ੍ਰੀਤ ਸਿੰਘ ਸਰਵਾਰਾ, ਹਰਵਿੰਦਰ ਸਿੰਘ ਵਿਰਕ, ਬੀ ਡੀ ਪੀ ਓ ਸੰਦੀਪ ਸਿੰਘ, ਪੰਚਾਇਤ ਅਫ਼ਸਰ ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਤੇ ਸਰਪੰਚ ਮੌਜੂਦ ਸਨ।
ਘਨੌਰ ਦੇ 42 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਿਆ
ਘਨੌਰ (ਸਰਬਜੀਤ ਸਿੰਘ ਭੰਗੂ): ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਕੋਲ੍ਹੇਮਾਜਰਾ ਵਿੱਚ 26.73 ਕਰੋੜ ਰੁਪਏ ਦੇ ਲਿਫ਼ਟ ਸਿਸਟਮ ਆਧਾਰਿਤ ਨਹਿਰੀ ਸਿੰਜਾਈ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ 42 ਪਿੰਡਾਂ ਦੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ। ਉਨ੍ਹਾਂ ਕਿਹਾ ਕਿ ਘਨੌਰ ਹਲਕੇ ਦੇ ਨੇੜੇ ਨਹਿਰ ਲੰਘਦੀ ਹੋਣ ਦੇ ਬਾਵਜੂਦ ਕਈ ਪਿੰਡ ਨਹਿਰੀ ਪਾਣੀ ਤੋਂ ਵਾਂਝੇ ਸਨ, ਪਰ ਮਾਨ ਸਰਕਾਰ ਨੇ ਹੁਣ ਉਨ੍ਹਾਂ ਖੇਤਾਂ ਤੱਕ ਵੀ ਪਾਣੀ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਗੁਰਲਾਲ ਘਨੌਰ ਦੀ ਪਹਿਲਕਦਮੀ ਸਦਕਾ ਹਲਕਾ ਘਨੌਰ ਵਿੱਚ 22.23 ਕਰੋੜ ਦੀ ਲਾਗਤ ਨਾਲ ਪਾਣੀ ਲਿਫ਼ਟਿੰਗ ਸਿਸਟਮ (ਪੁਰਾਣਾ ਨਾਮ ਰਾਜਖਾਂਟ, ਬਨੂੜ ਕੈਨਾਲ) ਰਾਹੀਂ 36.39 ਕਿਲੋਮੀਟਰ ਲੰਬੀ ਜ਼ਮੀਨਦੋਜ਼ ਪਾਈਪ ਲਾਈਨ ਵਿਛਾ ਕੇ 38 ਪਿੰਡਾਂ ਨੂੰ ਨਹਿਰੀ ਪਾਣੀ ਦਾ ਲਾਭ ਦਿੱਤਾ ਗਿਆ ਹੈ। ਇਸ ਨਾਲ 15,129 ਏਕੜ ਰਕਬੇ ਨੂੰ ਪਹਿਲੀ ਵਾਰ ਨਹਿਰੀ ਸਿੰਜਾਈ ਅਧੀਨ ਲਿਆਂਦਾ ਗਿਆ ਹੈ। ਸ੍ਰੀ ਗੋਇਲ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਰਾਜ ਭਰ ’ਚ 450 ਕਰੋੜ ਖਰਚ ਕੀਤੇ ਹਨ ਅਤੇ ਇਕੱਲੇ ਘਨੌਰ ਹਲਕੇ ਵਿੱਚ ਘੱਗਰ ਨਦੀ ’ਤੇ ਹੜ੍ਹਾਂ ਤੋਂ ਬਚਾਅ ਲਈ 13 ਕਰੋੜ ਖਰਚੇ ਗਏ ਹਨ। ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਲਿਫ਼ਟ ਸਿਸਟਮ ਨਾਲ ਧਰਤੀ ਹੇਠਲਾ ਪਾਣੀ ਬਚੇਗਾ ਅਤੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਵੀ ਘਟਣਗੀਆਂ। ਇਸ ਮੌਕੇ ਰਮਨਦੀਪ ਬੈਂਸ, ਮਨਿੰਦਰ ਸਿੰਘ, ਗੁਰਸ਼ਰਨ ਵਿਰਕ, ਕੁਮਾਰ ਧਵਨ ਆਦਿ ਅਧਿਕਾਰੀਆਂ ਸਮੇਤ ਗਹਰਮੇਲ ਸਿੰਘ, ਸਹਿਜਪਾਲ ਲਾਡਾ, ਕਪਤਾਨ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਤੇ ਗੁਰਤਾਜ ਸਿੰਘ ਮੌਜੂਦ ਸਨ।

