ਫੋਕਲ ਪੁਆਇੰਟ ’ਚ ਵਿਕਾਸ ਕਾਰਜਾਂ ਦੀ ਸ਼ੁਰੂਆਤ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪਟਿਆਲਾ ਦੇ ਫੋਕਲ ਪੁਆਇੰਟ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਮੇਅਰ ਕੁੰਦਨ ਗੋਗੀਆ ਨੇ ਸਾਂਝੇ ਤੌਰ...
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਪਟਿਆਲਾ ਦੇ ਫੋਕਲ ਪੁਆਇੰਟ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਅਤੇ ਮੇਅਰ ਕੁੰਦਨ ਗੋਗੀਆ ਨੇ ਸਾਂਝੇ ਤੌਰ ’ਤੇ ਫੋਕਲ ਪੁਆਇੰਟ ਦੀਆਂ ਖ਼ਸਤਾ ਹਾਲ ਸੜਕਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਰੀਬ ਢਾਈ ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ।
ਨੀਂਹ ਪੱਥਰ ਰੱਖਣ ਉਪਰੰਤ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਵਾਂ ਆਗੂਆਂ ਨੇ ਕਿਹਾ ਕਿ ਫੋਕਲ ਪੁਆਇੰਟ ਦੀਆਂ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਟੁੱਟੀਆਂ ਹੋਈਆਂ ਸਨ, ਜਿਸ ਕਾਰਨ ਇੱਥੇ ਕੰਮ ਕਰਦੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਵਪਾਰੀ ਭਾਈਚਾਰਾ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਉਨ੍ਹਾਂ ਨੂੰ ਬਿਹਤਰ ਸੜਕੀ ਸੰਪਰਕ ਤੇ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਫੋਕਲ ਪੁਆਇੰਟ ਦੇ ਵਪਾਰੀ ਆਗੂਆਂ ਨੇ ਦੋਵਾਂ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਕਈ ਸਾਲਾਂ ਵਿੱਚ ਨਹੀਂ ਕਰ ਸਕੀਆਂ, ਉਹ ਮਾਨ ਸਰਕਾਰ ਨੇ ਕੁਝ ਹੀ ਸਮੇਂ ਵਿੱਚ ਕਰ ਵਿਖਾਇਆ ਹੈ। ਇਸ ਮੌਕੇ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਪ੍ਰਦੀਪ ਜੋਸਨ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਘੁਮਾਣ, ਸਰਪੰਚ ਗੁਰਪ੍ਰੀਤ ਸਿੰਘ, ਚੇਅਰਮੈਨ ਅਸ਼ੋਕ ਸਿੰਗਲਾ, ਵਾਈਸ ਚੇਅਰਮੈਨ ਅਰੁਣ ਗੁਪਤਾ, ਜਨਰਲ ਸੈਕਟਰੀ ਕਮਲ, ਜੁਆਇੰਟ ਸਕੱਤਰ ਰਾਹੁਲ ਤਹਿਲ, ਪ੍ਰਧਾਨ ਅਸ਼ਵਨੀ ਕੁਮਾਰ, ਵਾਈਸ ਪ੍ਰਧਾਨ ਕਪਿਲ ਗੁਪਤਾ ਆਦਿ ਹਾਜ਼ਰ ਸਨ।

