ਸਿਹਤ ਮੰਤਰੀ ਦੇ ਦੌਰੇ ਦੇ ਬਾਵਜੂਦ ਸਿਹਤ ਕੇਂਦਰ ਬਾਦਸ਼ਾਹਪੁਰ ਦੀ ਸਿਹਤ ’ਚ ਨਾ ਹੋਇਆ ਸੁਧਾਰ : The Tribune India

ਸਿਹਤ ਮੰਤਰੀ ਦੇ ਦੌਰੇ ਦੇ ਬਾਵਜੂਦ ਸਿਹਤ ਕੇਂਦਰ ਬਾਦਸ਼ਾਹਪੁਰ ਦੀ ਸਿਹਤ ’ਚ ਨਾ ਹੋਇਆ ਸੁਧਾਰ

ਸਿਹਤ ਮੰਤਰੀ ਦੇ ਦੌਰੇ ਦੇ ਬਾਵਜੂਦ ਸਿਹਤ ਕੇਂਦਰ ਬਾਦਸ਼ਾਹਪੁਰ ਦੀ ਸਿਹਤ ’ਚ ਨਾ ਹੋਇਆ ਸੁਧਾਰ

ਬਾਦਸ਼ਾਹਪੁਰ ਦਾ ਸਮੁਦਾਇਕ ਸਿਹਤ ਕੇਂਦਰ।

ਸ਼ਾਹਬਾਜ਼ ਸਿੰਘ
ਘੱਗਾ, 9 ਦਸੰਬਰ

ਹਲਕਾ ਸ਼ੁਤਰਾਣਾ ਦੇ ਸਮੁਦਾਇਕ ਸਿਹਤ ਕੇਂਦਰ ਬਾਦਸ਼ਾਹਪੁਰ ਵਿਖੇ ਪਿਛਲੇ ਮਹੀਨੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਅਚਾਨਕ ਦੌਰੇ ਦੇ ਬਾਵਜੂਦ ਸਿਹਤ ਕੇਂਦਰ ਦੀ ‘ਸਿਹਤ’ ਵਿਚ ਕੋਈ ਸੁਧਾਰ ਨਹੀਂ ਹੋਇਆ। ਲੋਕਾਂ ਦਾ ਕਹਿਣਾ ਹੈ ਕਿ ਇਕ ਪਾਸੇ ਜਿਥੇ ਸਿਹਤ ਕੇਂਦਰ ਦੀ ਬਿਲਡਿੰਗ ਅੰਦਰੋਂ ਪੂਰੀ ਤਰ੍ਹਾਂ ਜਰਜਰ ਹੈ ਉਥੇ ਸਟਾਫ ਦੀ ਕਮੀ ਵੀ ਦੂਰ ਨਹੀਂ ਹੋ ਸਕੀ ਅਤੇ ਇਹੀ ਕਾਰਨ ਹੈ ਕਿ ਇਸ ਕੇਂਦਰ ਵਿਚ ਇਲਾਜ ਕਰਾਉਣ ਆਉਂਦੇ ਮਰੀਜ਼ਾਂ ਦੀ ਗਿਣਤੀ ਘਟ ਗਈ ਹੈ।

ਜਾਣਕਾਰੀ ਮੁਤਾਬਕ ਸਿਹਤ ਕੇਂਦਰ ਬਾਦਸ਼ਾਹਪੁਰ ਵਿਚ ਜਿਥੇ ਮੈਡੀਸਿਨ, ਸਰਜਰੀ, ਗਾਇਨੀ ਅਤੇ ਬੱਚਿਆਂ ਦੇ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਉਥੇ ਨਰਸਿੰਗ ਦੀਆਂ ਕੁੱਲ 11 ਪੋਸਟਾਂ ਵਿਚੋਂ ਕੇਵਲ ਇਕ ਨਰਸ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਹੀ ਨਹੀਂ ਜਿਥੇ ਸਿਹਤ ਕੇਂਦਰ ਵਿਚ ਵਾਰਡ ਅਟੈਂਡੈਂਟ ਦੀਆਂ 14 ਪੋਸਟਾਂ ਵਿਚੋਂ 8 ਪੋਸਟਾਂ ਖਾਲੀ ਪਈਆਂ ਹਨ ਫਾਰਮੇਸੀ ਅਫਸਰਾਂ ਦੀ ਘਾਟ ਵੀ ਰੜਕਦੀ ਹੈ। ਇਸ ਦੇ ਨਾਲ ਹੀ ਹਸਪਤਾਲ ਵਿਚ ਚੌਕੀਦਾਰ ਅਤੇ ਮਾਲੀ ਦੀ ਅਸਾਮੀ ਵੀ ਖਾਲੀ ਹੈ।

ਿਸਹਤ ਕੇਂਦਰ ਵਿਚ ਕੰਮ ਕਰਦੇ ਅਮਲੇ ਦਾ ਕਹਿਣਾ ਹੈ ਕਿ ਛੱਤ ਉਤੇ ਮੈਡੀਸਿਨ ਸਟੋਰ ਹੈ ਅਤੇ ਲੈਂਟਰ ਦੇ ਖਲੇਪੜ ਡਿੱਗਣ ਕਾਰਨ ਕਿਸੇ ਨੂੰ ਵੀ ਸੱਟ ਲੱਗ ਸਕਦੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਡਿਲੀਵਰੀ ਰੂਮ ਵਿਚ ਇਕ ਔਰਤ ਦੇ ਜਣੇਪੇ ਦੌਰਾਨ ਛੱਤ ਉਤੋਂ ਲੈਂਟਰ ਦੇ ਖਲੇਪੜ ਡਿੱਗ ਪਏ ਸਨ ਪਰ ਚੰਗੀ ਕਿਸਮਤ ਨਾਲ ਬਚਾਅ ਹੋ ਗਿਆ। ਹਸਪਤਾਲ ਵਿਚ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਛੱਤਾਂ ਚੋਂਦੀਆਂ ਹਨ ਅਤੇ ਬਿਜਲੀ ਦੀਆਂ ਤਾਰਾਂ ਵੀ ਸਪਾਰਕ ਕਰਦੀਆਂ ਹਨ ਜਿਸ ਕਾਰਨ ਇਥੇ ਆਉਣ ਤੋਂ ਡਰ ਲੱਗਦਾ ਹੈ। ਸਿਹਤ ਸੇਵਾਵਾਂ ਦਾ ਹਾਲ ਇਹ ਹੈ ਕਿ ਲੰਮੇ ਸਮੇਂ ਤੋਂ ਐਕਸਰੇਅ ਮਸ਼ੀਨ ਖਰਾਬ ਪਈ ਹੈ।

ਸਿਹਤ ਮੰਤਰੀ ਦੇ ਭਲਵਾਨੀ ਗੇੜਿਆਂ ਦਾ ਕੋਈ ਲਾਭ ਨਹੀਂ: ਭੰਗੂ

ਸ਼੍ੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਬਾਦਸ਼ਾਹਪੁਰ ਦਾ ਹਸਪਤਾਲ ਬਾਦਲ ਸਰਕਾਰ ਸਮੇਂ ਬਣਿਆ ਸੀ ਪਰ ਮੌਜੂਦਾ ਸਰਕਾਰ ਦੇ ਸਿਹਤ ਮੰਤਰੀ ਵਲੋਂ ਕੇਵਲ ਭਲਵਾਨੀ ਗੇੜਾ ਲਾਉਣ ਤੋਂ ਇਲਾਵਾ ਇਲਾਕੇ ਦੇ ਮਰੀਜ਼ਾਂ ਦੀ ਸਹੂਲਤ ਲਈ ਹੋਰ ਕੁਝ ਨਹੀਂ ਕੀਤਾ ਗਿਆ ਅਤੇ ਸਰਕਾਰ ਵਲੋਂ ਸਿਹਤ ਸਹੂਲਤਾਂ ਦੀਆਂ ਸਿਰਫ ਖਿਆਲੀ ਗੱਲਾਂ ਹੀ ਹਨ।

ਕੀ ਕਹਿੰਦੇ ਨੇ ਐੱਸਐੱਮਓ

ਸਿਹਤ ਕੇਂਦਰ ਵਿਚ ਮੈਡੀਕਲ ਅਮਲੇ ਅਤੇ ਹੋਰ ਬੁਨਿਆਦੀ ਢਾਂਚੇ ਦੀ ਘਾਟ ਬਾਰੇ ਗੱਲ ਕਰਦਿਆਂ ਐਸਐਮਓ ਬਾਦਸ਼ਾਹਪੁਰ ਡਾ. ਸ਼ੈਲੀ ਨੇ ਦੱਸਿਆ ਕਿ ਇਨ੍ਹਾਂ ਲੋੜਾਂ ਸਬੰਧੀ ਮਹਿਕਮੇ ਨੂੰ ਲਿਖਤੀ ਤੌਰ ਉਤੇ ਭੇਜ ਦਿੱਤਾ ਗਿਆ ਹੈ ਅਤੇ ਜਲਦ ਸੁਧਾਰ ਹੋਣ ਦੀ ਆਸ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All