ਡਿਪੂ ਹੋਲਡਰਾਂ ਨੇ ਯੋਜਨਾ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ
ਹਲਕਾ ਪਟਿਆਲਾ ਸ਼ਹਿਰੀ ਖੇਤਰ ਵਿੱਚ ਨਵੇਂ ਪ੍ਰਿੰਟ ਰਾਸ਼ਨ ਕਾਰਡਾਂ ਦੀ ਵੰਡ ਸਬੰਧੀ ਪੈਦਾ ਹੋਏ ਵਿਵਾਦ ਨੇ ਸਿਆਸੀ ਰੂਪ ਧਾਰ ਲਿਆ ਹੈ। ਹਲਕੇ ਦੇ ਸਾਰੇ ਕਾਂਗਰਸੀ ਆਗੂ, ਪਟਿਆਲਾ ਡਿਪੂ ਹੋਲਡਰ ਯੂਨੀਅਨ ਦੇ ਆਗੂ ਗੌਰਵ ਗੋਇਲ ਅਤੇ ਮਨਪ੍ਰੀਤ ਵਰਮਾ ਦੀ ਅਗਵਾਈ ਹੇਠ...
ਹਲਕਾ ਪਟਿਆਲਾ ਸ਼ਹਿਰੀ ਖੇਤਰ ਵਿੱਚ ਨਵੇਂ ਪ੍ਰਿੰਟ ਰਾਸ਼ਨ ਕਾਰਡਾਂ ਦੀ ਵੰਡ ਸਬੰਧੀ ਪੈਦਾ ਹੋਏ ਵਿਵਾਦ ਨੇ ਸਿਆਸੀ ਰੂਪ ਧਾਰ ਲਿਆ ਹੈ। ਹਲਕੇ ਦੇ ਸਾਰੇ ਕਾਂਗਰਸੀ ਆਗੂ, ਪਟਿਆਲਾ ਡਿਪੂ ਹੋਲਡਰ ਯੂਨੀਅਨ ਦੇ ਆਗੂ ਗੌਰਵ ਗੋਇਲ ਅਤੇ ਮਨਪ੍ਰੀਤ ਵਰਮਾ ਦੀ ਅਗਵਾਈ ਹੇਠ ਡਿਪੂ ਹੋਲਡਰਾਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੇਜਿੰਦਰ ਮਹਿਤਾ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਪ੍ਰਿੰਟ ਰਾਸ਼ਨ ਕਾਰਡ, ਜਿਨ੍ਹਾਂ ’ਤੇ ਮੁੱਖ ਮੰਤਰੀ ਦੀ ਤਸਵੀਰ ਵੀ ਲੱਗੀ ਹੋਈ ਸੀ, ਉਹ ਸਬੰਧਤ ਡਿਪੂ ਹੋਲਡਰਾਂ ਨੂੰ ਸਮੇਂ ਸਿਰ ਨਹੀਂ ਦਿੱਤੇ ਗਏ।
ਉਨ੍ਹਾਂ ਦਾ ਕਹਿਣਾ ਸੀ ਕਿ ਤੇਜਿੰਦਰ ਮਹਿਤਾ ਨੇ ਕਥਿਤ ਤੌਰ ’ਤੇ ਕੁਝ ਡਿਪੂਆਂ ਦੇ ਰਾਸ਼ਨ ਕਾਰਡ ਆਪਣੇ ਕੋਲ ਹੀ ਰੱਖੇ ਅਤੇ ਉਨ੍ਹਾਂ ਦੀ ਵੰਡ ਨੂੰ ਰੋਕਿਆ। ਪਟਿਆਲਾ ਡਿਪੂ ਹੋਲਡਰ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਰਾਸ਼ਨ ਕਾਰਡਾਂ ਦੀ ਵੰਡ ਨੂੰ ਲੋਕ ਸੇਵਾ ਦੀ ਬਜਾਏ ਨਿੱਜੀ ਪ੍ਰਚਾਰ ਦਾ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸੇ ਮਕਸਦ ਨਾਲ ਇੱਕ ਕੈਂਪ ਲਗਾਇਆ ਗਿਆ, ਪਰ ਉੱਥੇ ਨਾ ਤਾਂ ਕੋਈ ਢੰਗ ਦੀ ਵਿਵਸਥਾ ਕੀਤੀ ਗਈ ਅਤੇ ਨਾ ਹੀ ਲਾਭਪਾਤਰੀਆਂ ਦੇ ਰਾਸ਼ਨ ਕਾਰਡ ਸਹੀ ਢੰਗ ਨਾਲ ਲੱਭ ਕੇ ਵੰਡੇ ਜਾ ਸਕੇ। ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਲੋਕ ਘੰਟਿਆਂ ਤੱਕ ਖੱਜਲ-ਖ਼ੁਆਰ ਹੁੰਦੇ ਰਹੇ ਅਤੇ ਆਪਣੇ ਰਾਸ਼ਨ ਕਾਰਡ ਪ੍ਰਾਪਤ ਨਹੀਂ ਕਰ ਸਕੇ। ਪਟਿਆਲਾ ਡਿਪੂ ਹੋਲਡਰ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਵੇਰ ਤੋਂ ਬੁਲਾਏ ਗਏ ਲੋਕਾਂ ਨੂੰ ਸ਼ਾਮ ਤੱਕ ਉਡੀਕ ਕਰਵਾਈ ਗਈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਹਲਕਾ ਪਟਿਆਲਾ ਸ਼ਹਿਰੀ ਦੇ ਸਾਰੇ ਕਾਂਗਰਸੀ ਆਗੂਆਂ ਅਤੇ ਪਟਿਆਲਾ ਡਿਪੂ ਹੋਲਡਰ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇ ਕਿਸੇ ਅਧਿਕਾਰੀ ਜਾਂ ਜਨ ਪ੍ਰਤੀਨਿਧੀ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਲੋਕ ਭਲਾਈ ਨਾਲ ਜੁੜੀਆਂ ਸੇਵਾਵਾਂ ਵਿੱਚ ਇਸ ਤਰ੍ਹਾਂ ਦੀ ਦਿੱਕਤ ਦੁਬਾਰਾ ਨਾ ਆਵੇ।
