ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ

ਜੁਆਇੰਟ ਐਕਸ਼ਨ ਕਮੇਟੀ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ

ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਨੁਮਾਇੰਦੇ ਰੋਸ ਧਰਨਾ ਦਿੰਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 11 ਅਗਸਤ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਢੇ ਘੋਲ ਤਹਿਤ ਅਧਿਆਪਕਾਂ ਤੇ ਗੈਰ ਅਧਿਆਪਨ ਤਬਕਿਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਤਨਖਾਹਾਂ ਤੇ ਪੈਨਸ਼ਨਾਂ ਦੀ ਦੇਰੀ  ਦੇ ਨਾਲ-ਨਾਲ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਰਾਜ ਸਰਕਾਰ ਤੋਂ ਵਿੱਤੀ ਗ੍ਰਾਂਟ ਨਾ ਮਿਲਣ ’ਤੇ ਤਿੱਖਾ ਰੋਸ ਜ਼ਾਹਰ ਕੀਤਾ ਗਿਆ ਤੇ ਮਸਲਿਆਂ ਦੇ ਹੱਲ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦਾ ਫੈਸਲਾ ਵੀ ਲਿਆ। ਸਕੱਤਰ (ਉਚ ਸਿੱਖਿਆ) ਦੀ ਯੂਨੀਵਰਸਿਟੀ ਮਾਮਲਿਆਂ ’ਚ ਵਧ ਰਹੀ ਕਥਿਤ ਦਖਲਅੰਦਾਜ਼ੀ ’ਤੇ ਵੀ ਤਿੱਖਾ ਇਤਰਾਜ਼ ਜ਼ਾਹਿਰ ਕੀਤਾ ਗਿਆ। 

ਧਰਨੇ ’ਤੇ ਸਾਰੇ ਹਾਜ਼ਰ ਲੋਕਾਂ ਨੇ ਸਕੱਤਰ (ਉੱਚ ਸਿੱਖਿਆ) ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਸਖਤ ਨੋਟਿਸ ਲੈਂਦਿਆਂ ਅਜਿਹੀ ਪਿਰਤ ਥੰਮਣ ’ਤੇ ਜ਼ੋਰ ਦਿੱਤਾ। ਆਗੂਆਂ ਦਾ ਸ਼ਿਕਵਾ ਸੀ ਕਿ ਸਕੱਤਰ, ਉੱਚ ਸਿੱਖਿਆ ਦਫ਼ਤਰ ਪੱਤਰ ਲਿਖ ਕੇ ਯੂਨੀਵਰਸਿਟੀ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਵੇਂ ਸਕੱਤਰ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਤੋਂ ਹੀ ਕਿਸੇ ਕਿਸਮ ਦੀ ਜਵਾਬ-ਤਲਬੀ  ਮੰਗ ਰਹੇ ਹੋਣ। ਇਹ ਬਿਲਕੁਲ ਵੀ ਸਵੀਕਾਰਨ ਯੋਗ ਨਹੀਂ ਹੈ ਕਿਉਂਕਿ ਇਹ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਉੱਤੇ ਸਿੱਧਾ ਹਮਲਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਕੱਦ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਦੇ ਬਰਾਬਰ ਹੈ ਅਤੇ ਇਸ ਰੁਤਬੇ ਨੂੰ ਹਰ ਸਮੇਂ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਸਕੱਤਰ, ਉੱਚ ਸਿੱਖਿਆ ਦੇ ਇਸ ਰਵੱਈਏ ਖ਼ਿਲਾਫ਼ ਚਿਤਾਵਨੀ ਦਿੰਦਿਆਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਨੂੰ ਮਾਮਲੇ ਸਬੰਧੀ ਪੱਤਰ ਭੇਜੇ ਜਾਣ ਤੋਂ ਵੀ ਜਾਣੂ ਕਰਵਾਇਆ ਗਿਆ।

 ਇਸ ਮੌਕੇ ਡਾ. ਨਿਸ਼ਾਨ ਸਿੰਘ ਦਿਓਲ (ਡੀ.ਟੀ.ਸੀ. ਦੇ ਕਨਵੀਨਰ), ਡਾ. ਰਾਜਬੰਸ ਸਿੰਘ ਗਿੱਲ (ਐੱਸ.ਆਈ.ਐੱਫ. ਦੇ ਕਨਵੀਨਰ), ਡਾ. ਭੁਪਿੰਦਰ ਸਿੰਘ ਵਿਰਕ (ਸੀ.ਯੂ.ਟੀ. ਦੇ ਕਨਵੀਨਰ), ਇੰਜ: ਚਰਨਜੀਤ ਸਿੰਘ (ਪੂਟਾ ਦੇ ਮੌਜੂਦਾ ਕਾਰਜਕਾਰੀ ਮੈਂਬਰ), ਇੰਜ: ਹਰਵਿੰਦਰ ਸਿੰਘ ਧਾਲੀਵਾਲ ਅਤੇ ਡਾ. ਜਸਦੀਪ ਸਿੰਘ ਤੂਰ (ਸਾਬਕਾ ਉਪ-ਪ੍ਰਧਾਨ ਅਤੇ ਸੈਕਟਰੀ, ਪੂਟਾ), ਬਲਵੰਤ ਸਿੰਘ (ਸਾਬਕਾ ਡਿਪਟੀ ਰਜਿਸਟਰਾਰ), ਗੁਰਲਾਲ ਸਿੰਘ (ਸਹਾਇਕ ਰਜਿਸਟਰਾਰ), ਗੱਜਣ ਸਿੰਘ (ਸਾਬਕਾ ਡਿਪਟੀ ਰਜਿਸਟਰਾਰ), ਪ੍ਰੋ. ਨਿਰਮਲ ਸਿੰਘ, ਡਾ. ਧਨਦੀਪ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ,  ਹਰਮੇਸ਼ ਲਾਲ ਸਮੇਤ ਹੋਰ ਬਹੁਤ ਸਾਰੇ ਕਰਮਚਾਰੀਆਂ ਨੇ ਧਰਨੇ ’ਚ ਬਹੁਤਿਆਂ ਨੇ ਸੰਬੋਧਨ ਵੀ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All