ਚੌਥਾ ਦਰਜਾ ਕਾਮਿਆਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਮੁਜ਼ਾਹਰਾ

ਚੌਥਾ ਦਰਜਾ ਕਾਮਿਆਂ ਵੱਲੋਂ ਮੰਗਾਂ ਦੀ ਪ੍ਰਾਪਤੀ ਲਈ ਮੁਜ਼ਾਹਰਾ

ਮੰਗਾਂ ਦੀ ਅਣਦੇਖੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਚੌਥਾ ਦਰਜਾ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਅਕਤੂਬਰ

ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਲਮਕ ਰਹੀਆਂ ਮੰਗਾਂ ਸਬੰਧੀ ਵਿਚਾਰ ਚਰਚਾ ਕਰਨ ਹਿਤ ‘ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਸ਼ਾਖਾ ਪਟਿਆਲਾ’ ਵੱਲੋਂ ਪੰਜਾਬ ਲੋਕ ਨਿਰਮਾਣ ਵਿਭਾਗ (ਇਮਾਰਤ ਤੇ ਸੜਕਾਂ) ਦੇ ਸੀ ਬਲਾਕ ਵਿੱਚ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸਰਕਾਰ ਤੇ ਖਾਸ ਕਰਕੇ ਅਫ਼ਸਰਸ਼ਾਹੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਹੋਈ ਮੁਲਾਜ਼ਮਾਂ ਦੀ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ, ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਮੰਗਾਂ ਪ੍ਰਤੀ ਅਣਦੇਖੀ ਕਾਰਨ ਮੁਲਾਜ਼ਮ ਵਰਗ ’ਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਤੇ ਚੌਥਾ ਦਰਜਾ ਮੁਲਾਜ਼ਮਾਂ ਨਾਲ ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਕੀਤੇ ਵਿਤਕਰੇ ਨੂੰ ਵੀ ਦੂਰ ਕੀਤਾ ਜਾਵੇ।

ਇਸੇ ਤਰ੍ਹਾਂ ਉਨ੍ਹਾਂ ਮੰਗ ਕੀਤੀ ਕਿ ਮੁਢਲਾ ਤਨਖਾਹ ਸਕੇਲ 26000 ਰੁਪਏ ਤੋਂ ਸ਼ੁਰੂ ਕੀਤਾ ਜਾਵੇ, ਗਰਮ ਤੇ ਠੰਢੀਆਂ ਵਰਦੀਆਂ ਦਾ ਬਜਟ ਵਿਭਾਗਾਂ ਲਈ ਜਾਰੀ ਕੀਤਾ ਜਾਵੇ। ਵਰਕਚਾਰਜ, ਡੈਲੀਵੇਜਿਜ਼, ਕੰਟਰੈਕਟ ਤੇ ਆਊਟ ਸੋਰਸ ਸਮੇਤ ਪਾਰਟ ਟਾਇਮ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਚਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਤੇ 143 ਮਹੀਨਿਆਂ ਦਾ ਬਕਾਇਆ ਜਾਰੀ ਕੀਤਾ ਜਾਵੇ। ਚੌਥਾ ਦਰਜਾ ਕਰਮਚਾਰੀਆਂ ਨੂੰ ਘੱਟੋ ਘੱਟ 20 ਹਜਾਰ ਰੁਪਏ ਫੈਸਟੀਵਲ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਾਰੀ ਕੀਤਾ ਜਾਵੇ। ਪਰਮੋਸ਼ਨ ਲਈ ਟਾਈਪ ਟੈਸਟ ਖਤਮ ਕੀਤਾ ਜਾਵੇ, ਸਾਰੇ ਕੱਚੇ ਕਰਮੀਆਂ ਨੂੰ ਤਨਖ਼ਾਹਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਜਾਰੀ ਕੀਤੀਆਂ ਜਾਣ।

ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਹਿਤ ਹੀ 5 ਨਵੰਬਰ ਨੂੰ ਪੰਜਾਬ ਮੰਡੀ ਬੋਰਡ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਅਹੁਦੇਦਾਰਾਂ ਦੀ ਚੋਣ ਕਰਨ ਲਈ 7 ਨਵੰਬਰ ਨੂੰ ਜ਼ਿਲ੍ਹਾ ਇਜਲਾਸ ਕੀਤਾ ਜਾਣਾ ਹੈ, ਜਦੋਂਕਿ 20 ਨਵੰਬਰ ਨੂੰ ਪਟਿਆਲਾ ਜ਼ੋਨਲ ਦੀ ਰੈਲੀ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All