ਰਾਜਪੁਰਾ ਜੰਕਸ਼ਨ ’ਤੇ ਵੰਦੇ ਭਾਰਤ ਰੇਲ ਰੋਕਣ ਦੀ ਮੰਗ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਸਟੇਟ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪ੍ਰਵੀਨ ਛਾਬੜਾ ਨੇ ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ, ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਭੇਜ ਕੇ ਵੰਦੇ ਭਾਰਤ ਰੇਲ ਦਾ ਰਾਜਪੁਰਾ ਜੰਕਸ਼ਨ ’ਤੇ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਪੁਰਾ ਜੰਕਸ਼ਨ ਨੂੰ ਪੰਜਾਬ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ, ਦਿੱਲੀ ਜਾਣ ਵਾਲੀ ਵੰਦੇ ਭਾਰਤ ਰੇਲ ਦੀ ਸੁਵਿਧਾ ਤੋਂ ਵਾਂਝਾ ਹੈ। ਹਾਲਾਂ ਕਿ ਹਰ ਰੋਜ਼ ਹਜ਼ਾਰਾਂ ਵਿਦਿਆਰਥੀ, ਵਪਾਰੀ ਅਤੇ ਨੌਕਰੀਪੇਸ਼ਾ ਲੋਕ ਰਾਜਪੁਰਾ ਤੋਂ ਦਿੱਲੀ ਆਉਣ-ਜਾਣ ਕਰਦੇ ਹਨ ਪਰ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਰੇਲ ਇੱਥੇ ਨਹੀਂ ਰੁਕਦੀ। ਸ੍ਰੀ ਛਾਬੜਾ ਨੇ ਕਿਹਾ ਕਿ ਇਹ ਲੋਕਾਂ ਦੀ ਸੁਖ-ਸਹੂਲਤ, ਸਿੱਖਿਆ, ਰੁਜ਼ਗਾਰ ਅਤੇ ਇਲਾਜ ਨਾਲ ਸਿੱਧਾ ਜੁੜਿਆ ਮਾਮਲਾ ਹੈ, ਜੇ ਇਹ ਰੇਲ ਰਾਜਪੁਰਾ ’ਚ ਰੁਕਣ ਲੱਗ ਪਏ, ਤਾਂ ਲੋਕ ਇੱਕੋ ਦਿਨ ’ਚ ਦਿੱਲੀ ਆਉਣ-ਜਾਣ ਕਰ ਸਕਣਗੇ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਜਲਦੀ ਹੀ ਇਸ ਜਾਇਜ਼ ਮੰਗ ਨੂੰ ਮਨਜ਼ੂਰੀ ਦੇਵੇਗੀ ਤੇ ਰਾਜਪੁਰਾ ਨੂੰ ਆਪਣਾ ਹੱਕ ਮਿਲੇਗਾ।
