ਪਟਿਆਲਾ ਵਿਚ 18 ਇਮਾਰਤਾਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

ਪਟਿਆਲਾ ਵਿਚ 18 ਇਮਾਰਤਾਂ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ

ਨਗਰ ਨਿਗਮ ਵੱਲੋਂ ਸਰਕਾਰੀ ਥਾਂ ਤੋਂ ਹਟਾਏ ਗਏ ਨਾਜਾਇਜ਼ ਕਬਜ਼ਿਆਂ ਦਾ ਦ੍ਰਿਸ਼। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਦਸੰਬਰ

ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵੱਲ ਜਾਣ ਵਾਲੀ ਮੁੱਖ ਸੜਕ ਦੇ ਦੋਵੇਂ ਪਾਸੇ ਢਾਈ ਦਹਾਕੇ ਪੁਰਾਣੇ ਕਬਜ਼ਿਆਂ ਨੂੰ ਨਾਜਾਇਜ਼ ਕਰਾਰ ਦਿੰਦਿਆਂ ਨਗਰ ਨਿਗਮ ਨੇ ਅੱਜ ਇਨ੍ਹਾਂ ਕਬਜਿਆਂ ਨੂੰ ਹਟਾਉਣ ਲਈ ਪੀਲੇ ਪੰਜੇ ਦੀ ਵਰਤੋਂ ਕੀਤੀ। ਇਹ ਕਬਜ਼ੇ ਕੁਝ ਘਰਾਂ ਦੇ ਅੱਗੇ ਕੰਧਾਂ ਤੇ ਪਾਰਕ ਆਦਿ ਬਣਾ ਕੇ ਕੀਤੇ ਹੋਏ ਸਨ। ਉੱਧਰ ਕਥਿਤ ਤੌਰ ’ਤੇ ਨਾਜਾਇਜ਼ ਕਾਬਜ਼ਕਾਰ ਦੱਸੇ ਜਾਂਦੇ ਕੁਝ ਪਰਿਵਾਰਾਂ ਨੇ ਇਹ ਨਾਜਾਇਜ਼ ਕਬਜ਼ੇ ਨਾ ਹੋਣ ਤੇ ਕੁਝ ਹੋਰ ਤਰਕਾਂ ਤਹਿਤ ਨਿਗਮ ਦੀ ਕਾਰਵਾਈ ਦਾ ਵਿਰੋਧ ਵੀ ਕੀਤਾ ਜਿਸ ਕਾਰਨ ਕਬਜ਼ਾ ਹਟਾਊ ਕਾਰਵਾਈ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਉਪਰੰਤ ਇੱਥੇ ਪੁੱਜੇ ਮੇਅਰ ਸੰਜੀਵ ਬਿੱਟੂ ਨੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਦੌਰਾਨ ਭਾਵੇਂ ਕਿ ਕਾਰਵਾਈ ਦਾ ਵਿਰੋਧ ਕਰਨ ਵਾਲ਼ੀਆਂ ਕੁਝ ਧਿਰਾਂ ਮੱਠੀਆਂ ਵੀ ਪਈਆਂ, ਪਰ ਫਿਰ ਵੀ ਕੁਝ ਪਰਿਵਾਰ ਵਿਰੋਧ ਕਰਦੇ ਰਹੇ। ਬਾਵਜੂਦ ਇਸ ਦੇ ਨਿਗਮ ਨੇ ਸੂਚੀਬੱਧ ਕੀਤੇ ਕਬਜ਼ੇ ਹਟਾ ਦਿੱਤੇ। ਇਸੇ ਦੌਰਾਨ ਮੇਅਰ ਦਾ ਕਹਿਣਾ ਸੀ ਕਿ ਨਿਗਮ ਨੇ ਉਨ੍ਹਾਂ ਥਾਵਾਂ ’ਤੇ ਹੀ ਕਾਰਵਾਈ ਕੀਤੀ ਹੈ, ਜਿਨ੍ਹਾਂ ’ਤੇ ਧਿਰਾਂ/ਪਰਿਵਾਰਾਂ ਨੇ ਆਪਣੀ ਨਿਰਧਾਰਤ/ਅਧਿਕਾਰਤ ਥਾਂ ਨਾਲੋਂ ਵੀ ਵੱਧ ਥਾਂ ’ਤੇ ਵੱਖ ਵੱਖ ਢੰਗ ਨਾਲ ਕਬਜ਼ੇ ਕੀਤੇ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕਬਜ਼ੇ ਹਟਾਉਣ ਸਬੰਧੀ ਇਹ ਕਾਰਵਾਈ ਪੂਰੀ ਪਾਰਦਰਸ਼ਤਾ ਅਤੇ ਨਿਰਪੱਖ ਢੰਗ ਨਾਲ ਕੀਤੀ ਗਈ ਹੈ। ਨਿਗਮ ਨੇ ਉਹ ਹੀ ਕਾਰਵਾਈ ਕੀਤੀ ਹੈ, ਜੋ ਕਰਨੀ ਬਣਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਹੈ।

ਇਤਿਹਾਸਕ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵੱਲ ਜਾਣ ਵਾਲੀ ਸੜਕ ਦੇ ਦੋਵੇਂ ਪਾਸਿਓਂ ਹਟਾਏ ਗਏ ਇਨ੍ਹਾਂ ਕਬਜ਼ਿਆਂ ਸਬੰਧੀ ਸਬੰਧਤ 18 ਪਰਿਵਾਰਾਂ/ਧਿਰਾਂ ਨੂੰ ਦੋ ਸਾਲ ਪਹਿਲਾਂ ਨਿਗਮ ਨੇ ਨੋਟਿਸ ਜਾਰੀ ਕੀਤੇ ਸਨ, ਜਿਸ ਮਗਰੋਂ ਕਬਜ਼ੇ ਕਰਨ ਵਾਲਿਆਂ ਨੇ ਇਸ ਪੂਰੇ ਮਾਮਲੇ ਨੂੰ ਅਦਾਲਤ ਤੱਕ ਪਹੁੰਚਾਇਆ। ਅਖੀਰ ਨਿਗਮ ਨੇ ਐਕਟ ਦੀ ਧਾਰਾ 246 ਅਧੀਨ ਨੋਟਿਸ ਜਾਰੀ ਕਰਦਿਆਂ ਤਿੰਨ ਦਿਨ ਦਾ ਸਮਾਂ ਦਿੱਤਾ ਸੀ ਪਰ ਦਸ ਦਿਨ ਦੀ ਉਡੀਕ ਮਗਰੋਂ ਵੀਰਵਾਰ ਨੂੰ ਪੁਲੀਸ ਦੀ ਮਦਦ ਨਾਲ ਇਹ ਕਬਜ਼ੇ ਹਟਾ ਦਿੱਤੇ ਗਏ। ਨਿਗਮ ਦੀ ਇਸ ਕਾਰਵਾਈ ਲਈ ਕਈ ਸ਼ਰਧਾਲੂਆਂ ਨੇ ਨਿਗਮ ਦੀ ਸ਼ਲਾਘਾ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All