ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਦਸੰਬਰ
ਏ ਅਤੇ ਬੀ ਸ਼੍ਰੇਣੀਆਂ ਅਧੀਨ ਆਉਂਦੀਆਂ 8500 ਵਪਾਰਕ ਇਕਾਈਆਂ ਵਿਚੋਂ ਪ੍ਰਾਪਰਟੀ ਟੈਕਸ ਨਾ ਅਦਾ ਕਰਨ ਵਾਲ਼ੀਆਂ ਇਕਾਈਆਂ ਕੋਲ਼ੋਂ ਨਗਰ ਨਿਗਮ ਨੇ ਦੋ ਮਹੀਨਿਆਂ ਦੌਰਾਨ 2 ਕਰੋੜ ਰੁਪਏ ਵਸੂਲੇ ਹਨ। ਨਿਗਮ ਵੱਲੋਂ ਹੁਣ ਤੱਕ 61 ਵਪਾਰਕ ਇਕਾਈਆਂ ਨੂੰ ਪ੍ਰਾਪਰਟੀ ਟੈਕਸ ਦਾ ਬਕਾਇਆ ਅਦਾ ਨਾ ਕਰਨ ‘ਤੇ ਸੀਲਿੰਗ ਨੋਟਿਸ ਜਾਰੀ ਕੀਤੇ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੇ ਪ੍ਰਾਪਰਟੀ ਟੈਕਸ ਦਾ ਬਕਾਇਆ ਜਮ੍ਹਾਂ ਕਰਵਾ ਦਿੱਤਾ ਹੈ। ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਰਮਿੰਦਰਪਾਲ ਸਿੰਘ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਏ ਅਤੇ ਬੀ ਸ਼੍ਰੇਣੀਆਂ ਦੇ ਕਾਰੋਬਾਰੀ ਯੂਨਿਟਾਂ ਦੇ ਡਿਫਾਲਟਰਾਂ ਦੇ ਨਾਲ-ਨਾਲ ਦੋਵਾਂ ਸ਼੍ਰੇਣੀਆਂ ਅਧੀਨ ਆਉਂਦੇ ਘਰੇਲੂ ਡਿਫਾਲਟਰਾਂ ਦੀ ਸੂਚੀ ਵੀ ਤਿਆਰ ਕਰਕੇ ਰਿਮਾਈਂਡਰ ਨੋਟਿਸ ਜਾਰੀ ਕਰਨ। ਇਸ ਨੋਟਿਸ ਤੋਂ ਬਾਅਦ ਵੀ ਜੇ ਕੋਈ ਯੂਨਿਟ ਮਾਲਕ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਉਂਦਾ, ਤਾਂ ਉਸ ਵਿਰੁੱਧ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ 2022-23 ਲਈ ਪ੍ਰਾਪਰਟੀ ਟੈਕਸ ਸ਼ਾਖਾ ਦਾ ਟੀਚਾ 15 ਕਰੋੜ ਮਿੱਥਿਆ ਗਿਆ ਸੀ। ਪਿਛਲੇ ਮਹੀਨੇ ਆਪਣਾ ਟੀਚਾ ਪੂਰਾ ਕਰਨ ਤੋਂ ਬਾਅਦ, ਇਸ ਸ਼ਾਖਾ ਨੇ ਕੁੱਲ ਆਮਦਨ 16.25 ਕਰੋੜ ਤੋਂ ਵੱਧ ਕਰ ਲਈ ਹੈ। ਪ੍ਰਾਪਰਟੀ ਟੈਕਸ ਸ਼ਾਖਾ ਦੇ ਇੰਚਾਰਜ ਸੁਪਰਡੈਂਟ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਗਿਣਤੀ 1 ਲੱਖ 6 ਹਜ਼ਾਰ ਯੂਨਿਟ ਹੈ। ਇਨ੍ਹਾਂ ਵਿੱਚੋਂ 22 ਹਜ਼ਾਰ ਵਪਾਰਕ ਅਤੇ ਬਾਕੀ ਘਰੇਲੂ ਇਕਾਈਆਂ ਹਨ। ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਗਿਣਤੀ 20,000 ਹੈ। ਪਰ ਜਾਰੀ ਕੀਤੇ ਨੋਟਿਸਾਂ ਅਤੇ ਸੀਲਿੰਗ ਨੋਟਿਸ ਤੋਂ ਬਾਅਦ ਦੋ ਮਹੀਨਿਆਂ ਦੌਰਾਨ 85 ਸੌ ਯੂਨਿਟ ਹੋਲਡਰਾਂ ਨੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦਿੱਤਾ ਹੈ। ਵਪਾਰਕ ਯੂਨਿਟਾਂ ਤੋਂ ਬਾਅਦ ਹੁਣ ਏ ਅਤੇ ਬੀ ਸ਼੍ਰੇਣੀ ਵਿੱਚ ਆਉਣ ਵਾਲੇ ਘਰੇਲੂ ਯੂਨਿਟਾਂ ਵਾਲੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਤਿਆਰੀ ਹੈ। ਨਿਗਮ ਨੂੰ ਹੁਣ ਤੱਕ ਬਕਾਇਆ ਪ੍ਰਾਪਰਟੀ ਟੈਕਸ ਵਸੂਲਣ ਲਈ ਕਿਸੇ ਵੀ ਵਪਾਰਕ ਯੂਨਿਟ ਨੂੰ ਸੀਲ ਕਰਨ ਦੀ ਲੋੜ ਨਹੀਂ ਪਈ। ਮੌਜੂਦਾ ਵਿੱਤੀ ਸਾਲ ਲਈ ਬਿਨਾਂ ਕਿਸੇ ਵਿਆਜ ਜਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਭਰਨ ਦੀ ਆਖਰੀ 31 ਦਸੰਬਰ ਹੈ।