ਸੁਭਾਸ਼ ਚੰਦਰ
ਸਮਾਣਾ, 8 ਜੁਲਾਈ
ਪੰਜਾਬ ਸਰਕਾਰ ਵਲੋਂ ਕੋਵਿਡ-19 ਕਾਰਨ ਬਾਹਰਲੇ ਰਾਜਾਂ ਤੋਂ ਪੰਜਾਬ ਅੰਦਰ ਦਾਖ਼ਲ ਹੋਣ ਵਾਲੇ ਹਰ ਵਾਹਨ ਤੇ ਉਸ ਵਿਚ ਸਵਾਰ ਵਿਅਕਤੀਆਂ ਨੂੰ ਕੋਵਾ ਐਪ ਅਤੇ ਈ-ਰਜਿਸਟ੍ਰੇਸ਼ਨ ਕਰਵਾਉਣ ਦੇ ਹੁਕਮਾਂ ਅਨੁਸਾਰ ਸਮਾਣਾ-ਚੀਕਾ ਸੜਕ ਉੱਪਰ ਰਾਮਨਗਰ ਬੈਰੀਅਰ ’ਤੇ ਤਾਇਨਾਤ ਮੁਲਾਜ਼ਮਾਂ ਨੇ ਸਖ਼ਤੀ ਵਰਤਦੇ ਹੋਏ ਬਿਨਾ ਈ-ਰਜਿਸਟ੍ਰੇਸ਼ਨ ਵਾਹਨਾਂ ਨੂੰ ਵਾਪਸ ਮੋੜਨਾ ਸ਼ੁਰੂ ਕਰ ਦਿੱਤਾ ਹੈ। ਸਹੀ ਵਾਹਨਾਂ ਨੂੰ ਸਵਾਰੀਆਂ ਸਣੇ ਡਾਕਟਰੀ ਜਾਂਚ ਤੇ ਰਜਿਸਟ੍ਰੇਸ਼ਨ ਕਰ ਕੇ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਇਨ੍ਹਾਂ ਹਦਾਇਤਾਂ ਤੋਂ ਅਣਜਾਣ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਰਾਮਨਗਰ ਬੈਰੀਅਰ ’ਤੇ ਤਾਇਨਾਤ ਨੋਡਲ ਅਫ਼ਸਰਾਂ ਭੂਸ਼ਣ ਕੁਮਾਰ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਕੋਵਾ ਐਪ ਰਾਹੀਂ ਈ-ਰਜਿਸਟ੍ਰੇਸ਼ਨ ਵਾਹਨਾਂ, ਜਿਨ੍ਹਾਂ ਦੇ ਮੂਹਰਲੇ ਸ਼ੀਸ਼ੇ ’ਤੇ ਰਜਿਸਟ੍ਰੇਸ਼ਨ ਸਬੰਧੀ ਪ੍ਰਿੰਟ ਕਾਗਜ਼ ਲਗਾਇਆ ਹੁੰਦਾ ਹੈ ਤੇ ਉਸ ਵਾਹਨ ਵਿਚ ਬੈਠੀਆਂ ਸਵਾਰੀਆਂ ਦੀ ਈ-ਰਜਿਸਟ੍ਰੇਸ਼ਨ ਹੋਈ ਹੋਵੇ ਤਾਂ ਡਾਕਟਰੀ ਜਾਂਚ ਕਰਨ ਉਪਰੰਤ ਰਜਿਸਟਰ ਤੇ ਐਂਟਰੀ ਕਰ ਕੇ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਜੇ ਕਿਸੇ ਵਾਹਨ ਤੇ ਸਵਾਰੀਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੁੰਦੀ ਪਰ ਦਸਤਾਵੇਜ਼ ਪੂਰੇ ਹੰਦੇ ਹਨ ਤਾਂ ਬੈਰੀਅਰ ਤੇ ਕੋਵਾ ਐਪ ਡਾਊਨਲੋਡ ਕਰਵਾ ਕੇ ਮੌਕੇ ’ਤੇ ਈ-ਰਜਿਸਟ੍ਰੇਸ਼ਨ ਕਰਵਾਈ ਜਾਂਦੀ ਹੈ ਜੇ ਕਿਸੇ ਕੋਲ ਦਸਤਾਵੇਜ਼ ਨਹੀਂ ਹੁੰਦੇ ਤਾਂ ਉਸ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਆਦਿ ਨੂੰ ਇਸ ਬੈਰੀਅਰ ਤੋਂ ਲੰਘਾਉਣ ਦੀ ਇਜਾਜ਼ਤ ਨਹੀਂ ਹੈ। ਜਦੋਂ ਉਨ੍ਹਾਂ ਨੂੰ ਡਾਕਟਰੀ ਜਾਂਚ ਸਬੰਧੀ ਤੇ ਈ-ਰਜਿਸਟ੍ਰੇਸ਼ਨ ਸਬੰਧੀ ਡਾਕਟਰਾਂ ਤੇ ਕੰਪਿਊਟਰ ਆਦਿ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਧਿਆਪਕ ਹਨ ਤੇ ਡਾਕਟਰੀ ਜਾਂਚ ਲਈ ਵੀ ਉਨ੍ਹਾਂ ਦੀ ਹੀ ਡਿਊਟੀ ਹੈ। ਉਹ ਬੁਖਾਰ ਹੀ ਚੈੱਕ ਕਰਦੇ ਹਨ ਤੇ ਕੰਪਿਊਟਰ ਦਾ ਕੰਮ ਆਪਣੇ ਨਿੱਜੀ ਮੋਬਾਇਲ ਰਾਹੀਂ ਡਿਊਟੀ ਦੌਰਾਨ ਮੁਲਾਜ਼ਮ ਕਰਦਾ ਹੈ। ਜੇ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਸਬੰਧਿਤ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਕੇ ਮਸਲੇ ਦਾ ਹੱਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਰਜਿਸਟ੍ਰੇਸ਼ਨ ਵਾਲੇ ਕਈ ਦਰਜਨਾਂ ਵਾਹਨਾਂ ਤੋਂ ਇਲਾਵਾ ਪਰਵਾਸੀ ਮਜ਼ਦੂਰਾਂ ਨਾਲ ਭਰੀ ਬੱਸ ਨੂੰ ਵੀ ਵਾਪਸ ਮੋੜਿਆ ਗਿਆ ਹੈ।
ਇਸ ਸਬੰਧੀ ਐੱਸਡੀਐੱਮ ਪਟਿਆਲਾ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਰਕਾਰੀ ਹਦਾਇਤਾਂ ਅਨੁਸਾਰ ਅਧਿਆਪਕਾਂ, ਡਾਕਟਰਾਂ ਤੇ ਪੁਲੀਸ ਮੁਲਾਜ਼ਮਾਂ ਦੀਆਂ ਡਿਊਟੀਆਂ ਰਾਮਨਗਰ ਬੈਰੀਅਰ ’ਤੇ ਲਗਾਈਆਂ ਹੋਈਆਂ ਹਨ, ਜੋ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਨ।