ਬਿਜਲੀ ਕੰਪਨੀਆਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਨਿਊ ਮੋਤੀ ਬਾਗ ਦੇ ਮੁੱਖ ਗੇਟ ਅੱਗੇ ਧਰਨਾ

ਬਿਜਲੀ ਕੰਪਨੀਆਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਨਿਊ ਮੋਤੀ ਬਾਗ ਦੇ ਮੁੱਖ ਗੇਟ ਅੱਗੇ ਧਰਨਾ

ਨਿਊ ਮੋਤੀ ਬਾਗ ਪੈਲੇਸ ਦੇ ਸਾਹਮਣੇ ਬਿਜਲੀ ਕੰਪਨੀਆਂ ਦੇ ਠੇਕਾ ਮੁਲਾਜ਼ਮ ਰੋਸ ਪ੍ਰਦਰਸ਼ਨ ਕਰਦੇ ਹੋਏ।

ਰਵੇਲ ਸਿੰਘ ਭਿੰਡਰ
ਪਟਿਆਲਾ, 4 ਜੁਲਾਈ

ਪਾਵਰਕੌਮ ਤੇ ਟਰਾਂਸਕੋ ਦੇ ਠੇਕਾ ਵਰਕਰਾਂ ਵੱਲੋਂ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ‘ਨਿਊ ਮੋਤੀ ਬਾਗ ਪੈਲੇਸ’ ਦੇ ਮੁੱਖ ਗੇਟ ਦੇ ਐਨ ਸਾਹਮਣੇ ਪੁੱਜਣ ਮਗਰੋਂ ਰੋਸ ਪ੍ਰਦਰਸ਼ਨ ਕੀਤਾ। ਉਂਜ ਪਾਵਰਕੌਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਆਪਣੀ ਆਵਾਜ਼ ਉਪਰਲੇ ਹਾਕਮਾਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਦੇ ਸ਼ਹਿਰ ‘ਚ ਗੁਪਤ ਐਕਸ਼ਨ ਪ੍ਰੋਗਰਾਮ ਕਰਨ ਦਾ ਬਕਾਇਦਾ ਐਲਾਨ ਵੀ ਕੀਤਾ ਹੋਇਆ ਸੀ। 

  ਅਜਿਹੀ ਕੜੀ ਵਜੋਂ ਅੱਜ ਗੁਪਤ ਪ੍ਰੋਗਰਾਮ ਕੀਤਾ ਗਿਆ। ਵੱਡੀ ਗੱਲ ਪ੍ਰਦਰਸ਼ਨਕਾਰੀਆਂ ’ਚ ਐਂਬੂਲੈਂਸ ’ਤੇ ਆਇਆ ਇੱਕ ਜ਼ਖ਼ਮੀ ਵਰਕਰ ਵੀ ਸ਼ਾਮਲ ਸੀ, ਜਿਹੜਾ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਕਈ ਦਿਨ ਰਾਜਿੰਦਰਾ ਹਸਪਤਾਲ ’ਚ ਦਾਖਲ ਰਿਹਾ ਸੀ ਤੇ ਅੱਜ ਘਰੋਂ ਹਸਪਤਾਲ ’ਚ ਚੈਕਅੱਪ ਲਈ ਐਂਬੂਲੈਂਸ ’ਤੇ ਆਇਆ ਸੀ। ਅਜਿਹੇ ਦੌਰਾਨ ਕੁਝ ਠੇਕਾ ਵਰਕਰਾਂ ਨੇ ਹੰਗਾਮੀ ਬੈਠਕ ਮਗਰੋਂ ਅਚਨਚੇਤ  ਪੈਲੇਸ ਵੱਲ ਵਹੀਰਾਂ ਘੱਤ ਲਈਆਂ। ਪੈਲੇਸ ਦੇ ਮੁੱਖ ਦਰਵਾਜ਼ੇ ਅੱਗੇ ਆਣਕੇ ਪੰਜਾਬ ਸਰਕਾਰ ਮੁਰਦਾਬਾਦ ਤੇ ਕਾਂਗਰਸ ਸਰਕਾਰ ਮੁਰਦਾਬਾਦ ਦੇ ਨਾਅਰੇ ਗੁੰਜਾਉਣ ਲੱਗ ਪਏ। ਅਜਿਹੇ ਵਰਤਾਰੇ ‘ਤੇ ਪੁਲੀਸ ਬਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ।

ਯੂਨੀਅਨ ਦੇ ਸਰਕਲ ਪ੍ਰਧਾਨ ਹਰਮੀਤ ਸਿੰਘ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ’ਚ ਜ਼ਖਮੀ ਵਰਕਰ ਦੀ ਮਾਤਾ ਤੇ ਪਿਤਾ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਵਰਕਰਾਂ ‘ਚ ਵੱਡਾ ਗਿਲਾ ਹੈ ਕਿ ਜਦੋਂ  ਬਿਜਲੀ ਮਹਿਕਮੇ ਦੀ ਖਤਰੇ ਭਰੀ ਡਿਉਟੀ ਦਿੰਦੇ ਹਨ ਤੇ ਹਾਦਸਾ ਵਾਪਰਨ ਮਗਰੋਂ ਉਹਨਾਂ ਦੀ ਕੋਈ ਅਥਾਰਟੀ ਸਾਰ ਨਹੀ ਲੈਂਦੀ। ਨਾ ਠੇਕੇਦਾਰ ਤੇ ਨਾ ਬਿਜਲੀ ਕੰਪਨੀਆਂ,ਤੇ ਅਜਿਹੀ ਬਿਪਤਾ ਵੇਲੇ ਇਲਾਜ਼ ਵੀ ਪਰਿਵਾਰ ਨੂੰ ਪੱਲਿਓ ਕਰਨਾ ਪੈਂਦਾ ਹੈ। 

ਉਨ੍ਹਾਂ ਦੱਸਿਆ ਕਿ ਦਿਨ ਰਾਤ ਦੀ ਬਿਜਲੀ ਦੀ ਡਿਊਟੀ ਦੌਰਾਨ ਹੁਣ ਤੱਕ ਸੈਂਕੜੇ ਵਰਕਰ ਬਿਜਲੀ ਦੇ ਕਰੰਟ ਨਾਲ ਅਪਾਹਜ ਹੋ ਚੁੱਕੇ ਹਨ ਤੇ ਦਰਜ਼ਨਾਂ ਮੌਤ ਦੇ ਮੂੰਹ ’ਚ ਜਾ ਪਏ ਹਨ। ਬਿਜਲੀ ਕੰਪਨੀਆਂ ਜਾਂ ਸਰਕਾਰ ’ਚੋਂ ਕਿਸੇ ਨੇ ਸਾਰ ਨਹੀਂ ਲਈ, ਹੁਣ ਵੀ ਕਰੰਟ ਦੀ ਮਾਰ ’ਚ ਆਏ ਹਰਜੀਤ ਸਿੰਘ ਦਾ ਇਲਾਜ ਪਰਿਵਾਰ ਨੂੰ ਖ਼ੁਦ ਕਰਨਾ ਪਿਆ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਮੰਗ ਹੈ ਕਿ ਹਾਦਸਾ ਵਾਪਰਨ ’ਤੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਤੇ ਆਸ਼ਰਿਤ ਵਜੋਂ ਪਿਛਲੇ ਇੱਕ ਜੀਅ ਨੂੰ ਨੌਕਰੀ, ਜ਼ਖ਼ਮੀ ਹੋਣ ’ਤੇ ਇਲਾਜ ਖਰਚਾ ਤੇ ਅਪਾਹਜ ਹੋਣ ’ਤੇ ਵਿੱਤੀ ਮੱਦਦ ਤੋਂ ਇਲਾਵਾ ਛਾਂਟੀਆਂ ਰੱਦ ਕਰਕੇ ਠੇਕਾ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All