ਸੀਨੀਅਰ ਕਾਂਗਰਸ ਆਗੂਆਂ ਖ਼ਿਲਾਫ਼ ਟਿੱਪਣੀਆਂ ਕਰਨ ਦੇ ਮਾਮਲੇ ਸਬੰਧੀ ਪੰਜਾਬ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮੁਅੱਤਲ ਕਰਨ ਉਪਰੰਤ ਹਲਕਾ ਘਨੌਰ ’ਚ ਮਾਹੌਲ ਭਖ਼ਿਆ ਹੋਇਆ ਹੈ। ਇਸ ਸਬੰਧੀ ਜਿੱਥੇ ਅੱਜ ਦੂਜੇ ਦਿਨ ਵੀ ਜਲਾਲਪੁਰ ਦੇ ਘਰ ਉਨ੍ਹਾਂ ਦੇ ਹਮਾਇਤੀ ਵਰਕਰਾਂ ਦਾ ਤਾਂਤਾ ਲੱਗਾ ਰਿਹਾ, ਉਥੇ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਕਬੂਲਣ ਵਾਲੇ ਕਾਂਗਰਸੀ ਵਰਕਰਾਂ ਨੇ ਅੱਜ ਜਲਾਲਪੁਰ ਦਾ ਪੁਤਲਾ ਫੂਕਿਆ।
ਇੱਥੇ ਘਨੌਰ-ਸ਼ੰਭੂ ਰੋਡ ’ਤੇ ਜਲਾਲਪੁਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਆਗੂ ਐਡਵੋਕੇਟ ਕਰਮਜੀਤ ਚੌਧਰੀ, ਗੁਰਪ੍ਰ੍ਰੀਤ ਨਰੜੂ, ਹਰਦੀਪ ਲਾਡਾ, ਹਰਨਾਥ ਜਲਾਲਪੁਰ ਅਤੇ ਬਲਜੀਤ ਗਿੱਲ ਨੇ ਕੀਤੀ। ਜਲਾਲਪੁਰ ’ਤੇ ਕਾਂਗਰਸ ਪਾਰਟੀ ਦਾ ਨੁਕਸਾਨ ਕਰਨ ਦੇ ਦੋਸ਼ ਲਾਉਂਦਿਆਂ ਇੱਕ ਦਿਨ ਪਹਿਲਾਂ ਕਾਂਗਰਸ ਦੀ ਜ਼ਿਲ੍ਹਾ ਪੱਧਰੀ ਮੀਟਿੰਗ ’ਚ ਹੋਈ ਨਾਅਰੇਬਾਜ਼ੀ ਲਈ ਵੀ ਜਲਾਲਪੁਰ ਨੂੰ ਜ਼ਿੰਮੇਵਾਰ ਠਹਿਰਾਇਆ। ਤਰਕ ਸੀ ਕਿ ਜਲਾਲਪੁਰ ਨੇ ਹੀ ਆਪਣੇ ਸਮਰਥਕ ਭੇਜ ਕੇ ਨਾਅਰੇਬਾਜ਼ੀ ਕਰਵਾਈ ਗਈ ਹੈ।
ਇਸ ਮਗਰੋਂ ਵੀਡੀਓ ਸੰਦੇਸ਼ ਜਾਰੀ ਕਰਦਿਆਂ ਜਲਾਲਪੁਰ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ ਕਿਉਂਕਿ ਲੋਕ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਰੋਧ ਕਰਨ ਵਾਲੇ ਕਾਂਗਰਸ ਆਗੂ ਖ਼ਿਲਾਫ਼ ਉਹ ਮੈਦਾਨ ’ਚ ਉਤਰ ਆਏ ਤਾਂ ਔਖਾ ਹੋ ਜਾਵੇਗਾ।
ਦੂਜੇ ਬੰਨ੍ਹੇ ਅੱਜ ਦੂਜੇ ਦਿਨ ਵੀ ਜਲਾਲਪੁਰ ਦੇ ਘਰ ਉਨ੍ਹਾਂ ਦੇ ਹਮਾਇਤੀਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਉਨ੍ਹਾਂ ਨੇ ਜਲਾਲਪੁਰ ਦੇ ਨਾਲ ਖੜ੍ਹੇ ਰਹਿਣ ਦਾ ਅਹਿਦ ਵੀ ਲਿਆ।

