ਭਾਜਪਾ ਖਿਲਾਫ਼ ਆਰ-ਪਾਰ ਦੀ ਲੜਾਈ ਲੜੇਗੀ ਕਾਂਗਰਸ: ਵੇਰਕਾ
ਕਾਂਗਰਸ ਆਗੂ ਨੇ ਉਤਰਾਖੰਡ ਵਿੱਚ ਖੜਗੇ ਦੀ ਰੈਲੀ ਵਾਲੀ ਥਾਂ ਦੇ ਸ਼ੁੱਧੀਕਰਨ ਦੇ ਮਾਮਲੇ ਸਬੰਧੀ ਭਾਜਪਾ ਖ਼ਿਲਾਫ਼ ਨਿਸ਼ਾਨੇ ਸੇੇਧੇ
ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਹਲਦਵਾਨੀ ਰੈਲੀ ਵਾਲੀ ਥਾਂ ਦਾ ਭਾਜਪਾ ਅਤੇ ਆਰ ਐੱਸ ਐਸ ਦੇ ਵਰਕਰਾਂ ਵੰਲੋਂ ਸ਼ੁੱਧੀਕਰਨ ਕਰਨ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਵਿਚ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਦੇਸ਼ ਭਰ ਵਿਚ ਭਾਜਪਾ ਖਿਲਾਫ਼ ਰੋਸ ਧਰਨੇ ਅਤੇ ਮੁਜ਼ਾਹਰੇ ਜਾਰੀ ਰਹਿਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤੇ ਮਾਲਵਾ ਜ਼ੋਨ ਦੇ ਇੰਚਾਰਜ ਡਾ. ਰਾਜ ਕੁਮਾਰ ਵੇਰਕਾ ਵਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਦੌਰਾਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਗਾਗਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗਰੋਵਰ ਵੀ ਮੌਜੂਦ ਸਨ।
ਡਾ. ਰਾਜ ਕੁਮਾਰ ਵੇਰਕਾ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਤੇ ਭਾਜਪਾ ਆਗੂ ਜੇ ਪੀ ਨੱਢਾ ਨੇ ਸੰਸਦ ਵਿਚ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਪਰ ਨਾ ਹੀ ਜਾਂਚ ਕਰਵਾਈ ਗਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ ਸਗੋਂ ਉਲਟਾ ਇਸ ਮਾਮਲੇ ਦੀ ਆਵਾਜ਼ ਉਠਾਉਣ ਵਾਲੇ ਸੰਸਦ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ਼ ਹੀ ਕੇਸ ਦਰਜ ਕਰ ਦਿੱਤਾ ਗਿਆ। ਉਨ੍ਹਾਂ ਇਕ ਸਵਾਲ ਦੇ ਜਵਾਬ ਚ ਕਿਹਾ ਕਿ ਪੰਜਾਬ ਕਾਂਗਰਸ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਹੈ। ਸ੍ਰੀ ਰਾਹੁਲ ਗਾਂਧੀ ਇਸੇ ਮਹੀਨੇ ਪੰਜਾਬ ਫੇਰੀ ਤੇ ਪੁੱਜ ਰਹੇ ਹਨ।

