Congress Protest: ਰਾਹੁਲ ’ਤੇ ਕੇਸ ਦਰਜ ਕਰਨ ਖ਼ਿਲਾਫ਼ ਮੁਜ਼ਾਹਰਾ
ਕਾਂਗਰਸੀ ਵਰਕਰਾਂ ਵੱਲੋਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ; ਕੇਸ ਵਾਪਸ ਲੈਣ ਦੀ ਮੰਗ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਖਿਲਾਫ ਉੱਤਰਾਖੰਡ ਦੇ ਹਲਦਵਾਨੀ ਵਿੱਚ ਪੁਲੀਸ ਕੇਸ ਦਰਜ ਕਰਨ ਵਿਰੁੱਧ ਅੱਜ ਜ਼ਿਲ੍ਹਾ ਕਾਂਗਰਸ ਮਾਲੇਰਕੋਟਲਾ ਵੱਲੋਂ ਸਥਾਨਕ ਸਰਹਿੰਦੀ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾਂ ਦੇ ਆਦੇਸ਼ਾਂ ’ਤੇ ਕੀਤੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਨਵਾਰ ਮਹਿਬੂਬ, ਬਲਾਕ ਕਾਂਗਰਸ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਬਲਾਕ ਕਾਂਗਰਸ ਅਹਿਮਦਗੜ੍ਹ ਦੇ ਪ੍ਰਧਾਨ ਰੁਪਿੰਦਰ ਪਿੰਦੂ ਕੰਗਣਵਾਲ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸਲਾਮਤ ਅਲੀ, ਪ੍ਰਿਤਪਾਲ ਸਿੰਘ ਰੂਬਲ ਨਾਰੀਕੇ , ਕੌਂਸਲਰ ਮਨੋਜ ਉਪਲ, ਕਾ. ਸੁਲੇਮਾਨ ਜੋਸ਼ ਅਤੇ ਦਵਿੰਦਰ ਸਿੰਘ ਕੁਠਾਲਾ ਨੇ ਕੀਤੀ। ਜ਼ਿਲ੍ਹੇ ਭਰ ਤੋਂ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦਲਿਤ ਸਮਾਜ ਨਾਲ ਜੁੜੇ ਮੁੱਦੇ ’ਤੇ ਆਵਾਜ਼ ਚੁੱਕੇ ਜਾਣ ਪਿੱਛੋਂ ਉਤਰਾਖੰਡ ਦੀ ਭਾਜਪਾ ਸਰਕਾਰ ਨੇ ਸਿਆਸੀ ਬਦਲਾਖੋਰੀ ਕਾਰਨ ਕੇਸ ਦਰਜ ਕਰ ਕੇ ਨਿਸ਼ਾਨਾ ਬਣਾਇਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਲਦਵਾਨੀ ਵਿੱਚ 8 ਅਗਸਤ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਕਥਿਤ ‘ਸ਼ੁੱਧੀਕਰਨ’ ਦੀ ਘਟਨਾ ’ਤੇ ਸਵਾਲ ਚੁੱਕਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਸ੍ਰੀ ਗਾਂਧੀ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਦਲਿਤਾਂ ਨਾਲ ਹੋ ਰਹੇ ਕਥਿਤ ਭੇਦਭਾਵ ਦੇ ਮੁੱਦੇ ਉਠਾਉਣ ਵਾਲੇ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ। ਕਾਂਗਰਸੀ ਵਰਕਰਾਂ ਨੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ।

