ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 20 ਜਨਵਰੀ
ਕਾਂਗਰਸ ਦੇ ਸੀਨੀਅਰ ਆਗੂ ਸਨਮੁੱਖ ਸਿੰਘ ਮੋਖਾ, ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚ ਸ਼ਾਮਲ ਹੋ ਗਏ। ਮੋਖਾ ਦੀ ਸੁਨਾਮ ਸਥਿਤ ਰਿਹਾਇਸ਼ ’ਤੇ ਪੁੱਜ ਕੇ ਢੀਂਡਸਾ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ। ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ, ਦੋ ਵਾਰ ਵਿਧਾਨ ਸਭਾ ਚੋਣਾਂ ਲੜਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਸਨਮੁੱਖ ਸਿੰਘ ਮੋਖਾ ਨੇ 1996 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਤੌਰ ਆਜ਼ਾਦ ਉਮੀਦਵਾਰ 20 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਮੋਖਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ। ਢੀਂਡਸਾ ਨੇ ਕਿਹਾ ਕਿ ਸ੍ਰੀ ਮੋਖਾ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਅਤੇ ਰਾਜਨੀਤੀ ਖੇਤਰ ਵਿੱਚ ਉਨ੍ਹਾਂ ਦਾ ਵਧੀਆ ਜਨ ਆਧਾਰ ਹੈ। ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਅਤੇ ਹੁਣ ਅਸੀਂ ਮਿਲਜੁਲ ਕੇ ਪੰਜਾਬ ਅਤੇ ਪੰਥ ਹਿੱਤਾਂ ਦੀ ਲੜਾਈ ਲੜਾਂਗੇ। ਸ੍ਰੀ ਮੋਖਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਢੀਂਡਸਾ ਦੇ ਹਮਾਇਤੀ ਰਹੇ ਹਨ ਅਤੇ ਕੁਝ ਗਲਤਫਹਿਮੀਆਂ ਕਰਕੇ ਕੁਝ ਸਮਾਂ ਅਲੱਗ ਹੋ ਗਏ ਸਨ ਪਰ ਹੁਣ ਪੰਜਾਬ ਦੇ ਹਿੱਤਾਂ ਲਈ ਇੱਕਜੁਟ ਹੋਣ ਦਾ ਸਮਾਂ ਹੈ।