ਦਰਸ਼ਨ ਸਿੰਘ ਮਿੱਠਾਰਾਜਪੁਰਾ, 30 ਮਾਰਚਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਿੰਗ ਕਮੇਟੀ ਦੇ ਵਕਾਰੀ ਅਹੁਦਿਆਂ ਦੀ ਚੋਣ ਅੱਜ ਅਮਨ ਅਮਾਨ ਨਾਲ ਸਿਰੇ ਚੜ੍ਹ ਗਈ। ਚੋਣ ਅਬਜ਼ਰਵਰ ਵਿਜੈ ਗੁਪਤਾ ਨੇ ਦੱਸਿਆ ਕਿ ਮੈਨੇਜਮੈਂਟ ਦੀਆਂ ਕੁੱਲ 124 ਵੋਟਾਂ ਵਿਚੋਂ 123 ਵੋਟਾਂ ਪੋਲ ਹੋਈਆਂ ਹਨ, ਜਿਨ੍ਹਾਂ ਵਿਚ ਪ੍ਰਧਾਨਗੀ ਲਈ ਖੜ੍ਹੇ ਕਾਂਗਰਸੀ ਪੱਖੀ ਉਮੀਦਵਾਰ ਦੇਵਕੀ ਨੰਦਨ ਨੇ ਆਪਣੇ ਵਿਰੋਧੀ ਆਪ ਪੱਖੀ ਉਮੀਦਵਾਰ ਰਾਕੇਸ਼ ਕੁਕਰੇਜਾ ਨੂੰ ਸੱਤ ਵੋਟਾਂ ਦੇ ਫ਼ਰਕ ਨਾਲ ਹਰਾਇਆ। ਦੇਵਕੀ ਨੰਦਨ ਨੂੰ ਕੁੱਲ 65 ਵੋਟਾਂ ਅਤੇ ਰਾਕੇਸ਼ ਕੁਕਰੇਜਾ ਨੂੰ 58 ਵੋਟਾਂ ਪ੍ਰਾਪਤ ਹੋਈਆਂ। ਵਿੱਤ ਸਕੱਤਰ ਦੇ ਮੁਕਾਬਲੇ ਵਿੱਚ ਖੜੇ ‘ਆਪ’ ਪੱਖੀ ਉਮੀਦਵਾਰ ਰਿਤੇਸ਼ ਬਾਂਸਲ ਨੇ 66 ਵੋਟਾਂ ਪ੍ਰਾਪਤ ਕਰ ਕੇ ਆਪਣੇ ਵਿਰੋਧੀ ਕਾਂਗਰਸੀ ਪੱਖੀ ਉਮੀਦਵਾਰ ਅਭਿਨਵ ਓਬਰਾਏ ਨੂੰ ਨੌਂ ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਅਭਿਨਵ ਨੂੰ 57 ਵੋਟਾਂ ਪ੍ਰਾਪਤ ਹੋਈਆਂ। ਸਕੱਤਰ ਦੇ ਅਹੁਦੇ ਲਈ ਖੜੇ ਕਾਂਗਰਸੀ ਪੱਖੀ ਉਮੀਦਵਾਰ ਵਿਜੈ ਆਰੀਆ ਨੇ 63 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ‘ਆਪ’ ਪੱਖੀ ਉਮੀਦਵਾਰ ਚਿਰਾਗ਼ ਕਾਲੜਾ ਨੂੰ ਚਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਸ੍ਰੀ ਕਾਲੜਾ ਨੂੰ 59 ਵੋਟਾਂ ਪ੍ਰਾਪਤ ਹੋਈਆਂ ਹਨ।ਮੈਨੇਜਮੈਂਟ ਉਪ ਪ੍ਰਧਾਨ ਦੇ ਮੁਕਾਬਲੇ ਵਿਚ ਕੋਈ ਵੀ ਨਾਮਜ਼ਦਗੀ ਦਾਖਲ ਨਾ ਹੋਣ ਕਾਰਨ ਉਹ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਜਨਰਲ ਸਕੱਤਰ ਦੇ ਅਹੁਦੇ ਲਈ ਕਮਲ ਟੰਡਨ ਵੱਲੋਂ ਨਾਮਜ਼ਦਗੀ ਵਾਪਸ ਲੈਣ ਕਾਰਨ ‘ਆਪ’ ਪੱਖੀ ਉਮੀਦਵਾਰ ਅਮਨਜੋਤ ਸਿੰਘ ਬਿਨਾਂ ਮੁਕਾਬਲਾ ਜੇਤੂ ਐਲਾਨੇ ਗਏ। ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਚੋਣ ਬਿਲਕੁਲ ਸ਼ਾਂਤਮਈ ਢੰਗ ਨਾਲ ਸਿਰੇ ਚੜ੍ਹੀ ਹੈ।ਜ਼ਿਕਰਯੋਗ ਹੈ ਕਿ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਵਕਾਰੀ ਚੋਣ ਲਈ ਕੁੱਲ ਨੌਂ ਉਮੀਦਵਾਰ ਮੈਦਾਨ ਵਿਚ ਸਨ, ਜਿਨ੍ਹਾਂ ਵਿੱਚੋਂ ਉਪ ਪ੍ਰਧਾਨ ਦੇ ਮੁਕਾਬਲੇ ਵਿੱਚ ਕੋਈ ਨਹੀਂ ਖੜਿਆ ਅਤੇ ਜਨਰਲ ਸਕੱਤਰ ਵੱਲੋਂ ਕਾਗ਼ਜ਼ ਵਾਪਸ ਲੈਣ ’ਤੇ ਪ੍ਰਧਾਨ, ਵਿੱਤ ਸਕੱਤਰ ਅਤੇ ਸਕੱਤਰ ਦੇ ਅਹੁਦੇ ਲਈ ਮੁਕਾਬਲਾ ਹੋਇਆ। ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਵਿਨੈ ਨਿਰੰਕਾਰੀ,ਗੁਰਦੀਪ ਉਟਸਰ, ਅਮਨਦੀਪ ਸਿੰਘ ਨਾਗੀ,ਗੁਰਿੰਦਰ ਸਿੰਘ ਦੁਆ, ਵਿਜੈ ਗੁਪਤਾ, ਸੰਜੇ ਬੱਗਾ ਅਤੇ ਭੁਪਿੰਦਰ ਸਿੰਘ ਗੋਲੂ ਮੌਜੂਦ ਸਨ।ਕੰਬੋਜ ਵੱਲੋਂ ਡੀਐੱਸਪੀ ਨਾਲ ਬਹਿਸਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੀ ਚੋਣ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ ਅਤੇ ਉਨ੍ਹਾਂ ਦੇ ਪੁੱਤਰ ਜੌਲੀ ਜਲਾਲਪੁਰ ਦੀ ਡੀਐੱਸਪੀ ਰਾਜਪੁਰਾ ਨਾਲ ਤਿੱਖੀ ਨੋਕ-ਝੋਕ ਹੋ ਗਈ। ਡੀਐੱਸਪੀ ਸਾਰਿਆਂ ਨੂੰ ਇਲੈੱਕਸ਼ਨ ਰੂਮ ਤੋਂ ਦੂਰ ਹੋ ਕੇ ਬੈਠਣ ਲਈ ਕਹਿ ਰਹੇ ਸਨ ਜਦੋਂ ਕਿ ਚੋਣਾਂ ਵਿਚ ਕਿਸੇ ਪ੍ਰਕਾਰ ਦੀ ਧਾਂਦਲੀ/ਘਪਲੇਬਾਜ਼ੀ ਦੇ ਖ਼ਦਸ਼ੇ ਤਹਿਤ ਸਾਬਕਾ ਵਿਧਾਇਕ ਅਤੇ ਹੋਰ ਕਾਂਗਰਸੀ ਵਰਕਰ ਉੱਠੇ ਹੀ ਡਟੇ ਰਹੇ। ਸਾਬਕਾ ਵਿਧਾਇਕ ਨੇ ਡੀਐੱਸਪੀ ਨੂੰ ਲੁਟੇਰੇ ਤੱਕ ਕਹਿ ਦਿੱਤਾ।