ਪੱਤਰ ਪ੍ਰੇਰਕ
ਪਟਿਆਲਾ, 5 ਦਸੰਬਰ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰੀ ਸੀਟ ਦੀ ਏਸੀ ਮਾਰਕੀਟ ਦੀ ਪਾਰਕਿੰਗ ਵਿੱਚ ਹੋਈ ਰੈਲੀ ਵਿੱਚ ਅੱਜ ਕਾਫ਼ੀ ਇਕੱਠ ਦੇਖਣ ਨੂੰ ਮਿਲਿਆ। ਇਸ ਰੈਲੀ ਵਿੱਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਅਤੇ ਵਪਾਰ ਵਿੰਗ ਦੇ ਪ੍ਰਧਾਨ ਐੱਨ ਕੇ ਸ਼ਰਮਾ ਸਮੇਤ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਨੇ ਹਰਪਾਲ ਜੁਨੇਜਾ ਦੀ ਪਿੱਠ ‘ਤੇ ਖੜ੍ਹਨ ਦਾ ਐਲਾਨ ਕੀਤਾ।
ਰੈਲੀ ਵਿੱਚ ਪਹੁੰਚੀ ਸਮੁੱਚੀ ਲੀਡਰਸ਼ਿਪ ਨੂੰ ਐੱਸਓਆਈ ਦੇ ਪ੍ਰਧਾਨ ਰੌਬਿਨ ਬਰਾੜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਹੈਪੀ ਅਤੇ ਐੱਸਸੀ ਵਿੰਗ ਦੇ ਪ੍ਰਧਾਨ ਹੈਪੀ ਲੋਹਟ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਦੀ ਮੋਟਰਸਾਈਕਲ ਰੈਲੀ ਬਜ਼ਾਰਾਂ ਵਿੱਚ ਰੋਡ ਸ਼ੋਅ ਕਰਦੇ ਹੋਏ ਲੈ ਕੇ ਆਏ। ਸੁਰਜੀਤ ਸਿੰਘ ਰੱਖੜਾ ਅਤੇ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਝੂਠੇ ਵਾਅਦੇ ਕਰਨ ਅਤੇ ਆਪਸ ਵਿੱਚ ਪਾਟੋਧਾੜ ਹੋਣ ਦਾ ਡਰਾਮਾ ਕਰ ਕੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਦੋਵਾਂ ਪਾਰਟੀਆਂ ਦੇ ਸੱਚ ਨੂੰ ਬਾਖ਼ੂਬੀ ਸਮਝ ਚੁੱਕੇ ਹਨ ਅਤੇ ਇਸ ਵਾਰ ਫੇਰ ਤੋਂ ਅਕਾਲੀ ਦਲ ਨੂੰ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਓਐੱਸਡੀ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਪਟਿਆਲਾ ਦੇ ਲੋਕ 20 ਸਾਲ ਬਾਅਦ ਪਟਿਆਲਾ ਸ਼ਹਿਰ ਦੀ ਸੀਟ ਨੂੰ ਮੁੜ ਤੋਂ ਅਕਾਲੀ ਦਲ ਨੂੰ ਜਿਤਾਉਣ ਦੀ ਭੂਮਿਕਾ ਬਣਾ ਚੁੱਕੇ ਹਨ ਅਤੇ ਹੁਣ ਤਾਂ ਸਿਰਫ਼ ਚੋਣ ਵਾਲੇ ਦਿਨ ਦਾ ਇੰਤਜ਼ਾਰ ਹੈ।