
ਸਮਾਣਾ ਦੀ ਅਨਾਜ ਮੰਡੀ ਵਿੱਚ ਕਾਨਫਰੰਸ ਦੌਰਾਨ ਹਾਜ਼ਰ ਲੋਕ। -ਫੋਟੋ: ਸੁਭਾਸ਼ ਚੰਦਰ
ਪੱਤਰ ਪੇ੍ਰਕ
ਸਮਾਣਾ 23 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਪਟਿਆਲਾ ਦੀ ਜ਼ਿਲ੍ਹਾ ਪੱਧਰੀ ‘ਇਨਕਲਾਬ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ’ ਕਾਨਫਰੰਸ ਸਮਾਣਾ ਦੀ ਦਾਣਾ ਮੰਡੀ ਵਿੱਚ ਹੋਈ। ਕਾਨਫਰੰਸ ਦੀ ਅਗਵਾਈ ਕਰਦਿਆਂ ਜਸਵਿੰਦਰ ਸਿੰਘ ਬਰਾਸ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਜੀਵਨ ਬਾਰੇ ਦੱਸਿਆ। ਜ਼ਿਲ੍ਹਾ ਸੰਗਠਨ ਬਲਰਾਜ ਜੋਸ਼ੀ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕੇਂਦਰ ਤੇ ਪੰਜਾਬ ਸਰਕਾਰ ਕਿਸਾਨੀ ਲਹਿਰ ਨੂੰ ਕਮਜ਼ੋਰ ਕਰਨ ਲਈ ਧਰਮ, ਜਾਤਾਂ ਤੇ ਖਿਤਿਆਂ ਦੇ ਮੁੱਦੇ ਉਭਾਰ ਰਹੀ ਹੈ। ਜਗਮੇਲ ਸਿੰਘ ਗਾਜੇਵਾਸ ਨੇ ਲੋਕ ਪੱਖੀ ਖੇਤੀ ਮਾਡ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਵੀ ਵਕਾਲਤ ਕੀਤੀ। ਜ਼ਿਲ੍ਹਾ ਕਮੇਟੀ ਮੈਂਬਰ ਹਰਦੇਵ ਸਿੰਘ ਘੱਗਾ ਨੇ ਸ਼ਹੀਦਾਂ ਨੂੰ ਯਾਦ ਕੀਤਾ। ਮਹਿਲਾ ਆਗੂ ਅਮਨਦੀਪ ਕੌਰ ਦੌਣ ਤੇ ਮਨਦੀਪ ਕੌਰ ਨੇ ਕਿਹਾ ਕਿ ਭਗਤ ਸਿੰਘ ਤੇ ਸਾਥੀਆਂ ਦੇ ਜੀਵਨ ਤੋਂ ਸੇਧ ਲੈਂਦਿਆਂ ਨੌਜਵਾਨਾਂ ਨੂੰ ਉਸਾਰੂ ਸਾਹਿਤ ਦੇ ਲੜ ਲੱਗ ਕੇ ਵਿਚਾਰਾਂ ਦੇ ਧਨੀ ਹੋਣਾ ਚਾਹੀਦਾ ਹੈ ਅਤੇ ਸਰਕਾਰਾਂ ਦੀਆਂ ‘ਫੁੱਟ ਪਾਓ ਤੇ ਰਾਜ ਕਰੋ’ ਵਾਲੀਆਂ ਨੀਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਮਹਿਲਾਵਾਂ ਨੂੰ ਹੱਕਾਂ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ।
ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਸਰਕਾਰਾਂ ਵੱਲੋਂ ਪੂੰਜੀਪਤੀਆਂ ਦਾ ਪੱਖ ਪੂਰਨ ਲਈ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਇੰਟਰਨੈੱਟ ਬੰਦ ਕਰਕੇ ਅਤੇ ਸੰਗੀਨ ਧਾਰਾਵਾਂ ਲਗਾ ਕੇ ਲੋਕਾਂ ਨੂੰ ਘਰਾਂ ਵਿੱਚ ਡੱਕਦਿਆਂ ਲੋਕ ਮਾਰੂ ਮਨਸੂਬੇ ਲਾਗੂ ਕੀਤੇ ਜਾਣ। ਸੰਗਰੂਰ ਜ਼ਿਲ੍ਹੇ ਤੋਂ ਆਗੂ ਮਨਜੀਤ ਸਿੰਘ ਘਰਾਚੋਂ ਨੇ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਕਮਜ਼ੋਰ ਕਰ ਲਈ ਵਿਉਂਤਾਂ ਬਣਾ ਰਹੀ ਹੈ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਸਕੱਤਰ ਸੁਖਮਿੰਦਰ ਸਿੰਘ ਬਾਰਨ ਵੱਲੋਂ ਨਿਭਾਈ ਗਈ। ਇਸ ਮੌਕੇ ਭਿੰਦਰ ਸਿੰਘ ਕਲਬੁਰਸ਼ਾ, ਦਵਿੰਦਰ ਸਿੰਘ ਸੀਲ, ਤਲਵਿੰਦਰ ਸਿੰਘ ਡੀਟੀਐਫ ਅਧਿਆਪਕ ਆਗੂ, ਹਰਪ੍ਰੀਤ ਸਿੰਘ ਦੌਣ ਕਲਾਂ, ਅਵਤਾਰ ਸਿੰਘ ਫੱਗਣ ਮਾਜਰਾ, ਹਰਜਿੰਦਰ ਸਿੰਘ ਗੱਜੂਮਾਜਰਾ, ਅਵਤਾਰ ਸਿੰਘ ਬੁਰੜ ਨੇ ਭਾਸ਼ਣ ਅਤੇ ਕਵਿਤਾਵਾਂ ਸੁਣਾਈਆਂ। ਅੱਜ ਦਾ ਇਕੱਠ ਵੱਲੋਂ ਮਤੇ ਪਾਸ ਕੀਤੇ ਤੇ ਮੰਗ ਕੀਤੀ ਕਿ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਲਈ ਮੜੇ ਕੌਮੀ ਸੁਰੱਖਿਆ ਕਾਨੂੰਨ ਸਮੇਤ ਹੋਰ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਪੰਜਾਬ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਤਾਇਨਾਤ ਕੀਤੀ ਕੇਂਦਰ ਸੁਰੱਖਿਆ ਬਲ ਤੁਰੰਤ ਵਾਪਸ ਭੇਜੀ ਜਾਵੇ।
ਨੁੱਕੜ ਨਾਟਕ ‘ਨਤੀਜਾ ਜ਼ੀਰੋ’ ਖੇਡਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਵੱਲੋਂ ਅੱਜ ਇਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਸੰਦੇਸ਼ ਦਿੰਦਾ ਨੁੱਕੜ ਨਾਟਕ ‘ਨਤੀਜਾ ਜ਼ੀਰੋ’ ਖੇਡਿਆ ਗਿਆ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਕਲਿਹਾਣਾ ਸਮੇਤ ਕਨਵੀਨਰ ਪ੍ਰਕਾਸ਼ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੌਬੀ ਅਤੇ ਇੰਦਰਪਾਲ ਧਾਲੀਵਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਪ੍ਰੋਗਰਾਮ ਵਿੱਚ ਰਾਜ ਕੁਮਾਰ ਡਕਾਲਾ, ਨਵਤੇਜ ਭੱਠਲ, ਅਜੀਤ ਧਾਲੀਵਾਲ, ਪ੍ਰੀਤਮ ਸਿੰਘ ਮਾਨ, ਪਰਦੁਮਨ ਢੀਂਡਸਾ, ਸਤਪਾਲ ਕੌਰ ਸੋਹੀ, ਬਲਜੀਤ ਕੌਰ ਮੱਲ੍ਹੀ , ਕਮਲਦੀਪ ਗਿੱਲ ,ਅਜੇ ਖੰਨਾ, ਹਰਨੇਕ ਭੁੱਲਰ ,ਪਰਮਗੁਰਤੇਜ ਸਿੰਘ, ਸੁਖਬੀਰ ਨਾਭਾ ਤੇ ਰਾਜਿੰਦਰ ਚਲੈਲਾ ਨੇ ਸ਼ਿਰਕਤ ਕੀਤੀ।
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਛੋਟੀ ਉਮਰ ਵਿਚ ਕੁਰਬਾਨੀ ਬੇਮਿਸਾਲ: ਡੀਸੀ
ਪਟਿਆਲਾ (ਪੱਤਰ ਪ੍ਰੇਰਕ): ਅੱਜ ਇਥੇ ਸ਼ਹੀਦ ਭਗਤ ਸਿੰਘ ਚੌਕ ਘਲੋੜੀ ਗੇਟ ਸਥਿਤ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਆਮ ਆਦਮੀ ਪਾਰਟੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪਟਿਆਲਾ ਪੁਲੀਸ ਦੀ ਹਥਿਆਰਬੰਦ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿਤੀ। ਸਮਾਰੋਹ ਵਿਚ ਇਨਕਲਾਬੀ ਨੌਜਵਾਨ ਸਭਾ ਪਟਿਆਲਾ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਜਰਨੈਲ ਸਿੰਘ ਮੰਨੂ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਥਾਪਰ ਨੇ ਛੋਟੀ ਉਮਰ ਵਿਚ ਬੇਮਿਸਾਲ ਕੁਰਬਾਨੀ ਦੇਕੇ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਈ। ਸ਼ਾਮ ਵੇਲੇ ਸ਼ਹੀਦਾਂ ਨੂੰ ਸਮਰਪਿਤ ਇਕ ਨਾਟਕ ਖੇਡਿਆ ਗਿਆ, ਜਦ ਕਿ ਸ਼ਹੀਦਾਂ ਨੂੰ ਸਮਰਪਿਤ ਮੋਮਬੱਤੀ ਮਾਰਚ ਵੀ ਕੱਢਿਆ ਗਿਆ। ਇਸੇ ਜਗ੍ਹਾ ਸਵੇਰ ਸਮੇਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਜੱਸੀ ਸੋਹੀਆਂ ਵਾਲਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ