ਕੰਪਿਊਟਰ ਅਧਿਆਪਕਾਂ ਵੱਲੋਂ ਪਟਿਆਲਾ ਵਿੱਚ ਰੋਸ ਮਾਰਚ

ਮਹਿਲ ਘੇਰਨ ਦੀ ਘੁਰਕੀ ਮਗਰੋਂ ਮਿਲੀ ਪੈਨਲ ਬੈਠਕ ਦੀ ਤਰੀਕ

ਕੰਪਿਊਟਰ ਅਧਿਆਪਕਾਂ ਵੱਲੋਂ ਪਟਿਆਲਾ ਵਿੱਚ ਰੋਸ ਮਾਰਚ

ਕੰਪਿਊਟਰ ਅਧਿਆਪਕ ਫੁਹਾਰਾ ਚੌਕ ਜਾਮ ਕਰਨ ਮੌਕੇ ਪ੍ਰਦਰਸ਼ਨ ਕਰਦੇ ਹੋਏ।

ਰਵੇਲ ਸਿੰਘ ਭਿੰਡਰ

ਪਟਿਆਲਾ, 20 ਜੂਨ

ਇਥੇ ਅੱਜ ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੱਦੇ ’ਤੇ ਵੱਡੀ ਗਿਣਤੀ ਕੰਪਿਊਟਰ ਅਧਿਆਪਕਾਂ ਰੋਸ ਮਾਰਚ ਕੀਤਾ ਗਿਆ। ਅਜਿਹੇ ਦੌਰਾਨ ਫੁਹਾਰਾ ਚੌਂਕ ’ਚ ਸੰਕੇਤਕ ਜਾਮ ਵੀ ਲਗਾਇਆ ਗਿਆ। ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਪੈਨਲ ਬੈਠਕ ਨੇੜਲੀ ਤਰੀਕ ’ਚ ਨਾ ਮਿਲੀ ਤਾਂ ਨਿਊ ਮੋਤੀ ਬਾਗ ਪੈਲੇਸ ਵੱਲ ਵਹੀਰਾਂ ਘੱਤੀਆਂ ਜਾਣਗੀਆਂ।

ਪਹਿਲਾਂ ਬਾਰਾਂਦਰੀ ਗਾਰਡਨ ਵਿਖੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪਰਮਵੀਰ ਸਿੰਘ ਨੇ ਕਾਂਗਰਸ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਮੜ੍ਹਦਿਆਂ ਆਖਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਸਾਲਾਬੱਧੀ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕੰਪਿਊਟਰ ਅਧਿਆਪਕ ਸ਼ੁਰੂ ਤੋਂ ਹੀ ਸਿੱਖਿਆ ਵਿਭਾਗ ’ਚ ਮਰਜ਼ ਹੋਣ ਲਈ ਮੰਗ ਵਾਰ ਵਾਰ ਦੁਹਰਾ ਰਹੇ ਹਨ, ਪ੍ਰੰਤੂ ਸਰਕਾਰ ਦੇ ਕੰਨਾਂ ’ਤੇ ਜੂੰਅ ਨਹੀਂ ਸਰਕ ਰਹੀ। ਚੋਣਾਂ ਤੋਂ ਪਹਿਲਾਂ ਅਜਿਹੀ ਮੰਗ ਸਵੀਕਾਰਨ ਦਾ ਵਾਅਦਾ ਕੀਤਾ ਸੀ , ਜਿਹੜਾ ਹੁਣ ਸੱਤਾ ਧਿਰ ਦੇ ਚੇਤਿਆਂ ’ਚੋਂ ਵਿਸਰ ਗਿਆ ਹੈ। ਵੱਖ ਵੱਖ ਆਗੂਆਂ ਨੇ ਫੌਤ ਹੋਏ ਅਧਿਆਪਕਾਂ ਦੇ ਪਰਿਵਾਰਕ ਜੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਤੇ ਵਿੱਤੀ ਮਦਦ ਦੀ ਵੀ ਮੰਗ ਉਠਾਈ। ਸੰਘਰਸ਼ੀ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਫੁਹਾਰਾ ਚੌਂਕ ਨੂੰ ਜਾਮ ਕਰਨ ਦੌਰਾਨ ਤਹਿਸਲੀਦਾਰ ਵੱਲੋਂ ਪਹੁੰਚਕੇ 22 ਜੂਨ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਪੈਨਲ ਬੈਠਕ ਦੇਣ ਮਗਰੋਂ ਹੀ ਅਧਿਆਪਕ ਸ਼ਾਂਤ ਹੋਏ। ਇਸ ਤੋਂ ਪਹਿਲਾਂ ਚਿਤਾਵਨੀ ਦੇਣ ’ਤੇ ਪੁਲੀਸ ਨੇ ਪੈਲੇਸ ਦੇ ਚੁਫੇਰੇ ਸੁਰੱਖਿਆ ਸਖਤ ਕਰ ਦਿੱਤੀ ਸੀ ਤੇ ਵਾਈ.ਪੀ.ਐਸ.’ਤੇ ਵੀ ਪੁਲੀਸ ਦੀ ਨਫਰੀ ਵਧਾ ਦਿੱਤੀ ਸੀ। ਉਧਰ ਐਨ.ਐਸ.ਕਿਊ.ਐਫ਼.ਵੋਕੇਸ਼ਨਲ ਅਧਿਆਪਕਾਂ ਦਾ ਅੱਜ ਵੀ ਪੱਕਾ ਮੋਰਚਾ ਜਾਰੀ ਰਿਹਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All