ਜੈਸਮੀਨ ਭਾਰਦਵਾਜ
ਨਾਭਾ, 15 ਫਰਵਰੀ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਖ਼ਿਲਾਫ਼ ਨਾਭਾ ਦੇ ਵਕੀਲ ਹਰਕੀਰਤ ਸਿੰਘ ਸਕਰਾਲੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਕਿ ਭਗਵੰਤ ਮਾਨ ਨੇ ਵਿਆਹੇ ਹੋਣ ਦੇ ਬਾਵਜੂਦ ਆਪਣੀ ਪਤਨੀ ਦੀ ਸੰਪਤੀ ਦਾ ਵੇਰਵਾ ਆਪਣੇ ਹਲਫੀਆ ਬਿਆਨ ’ਚ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਤਲਾਕ ਨਹੀਂ ਹੋਇਆ ਤੇ ਉਨ੍ਹਾਂ ਆਪਣੇ ਵਿਆਹ ਦੀ ਸਥਿਤੀ ਬਾਰੇ ਵੀ ਕੁਝ ਜਾਣਕਾਰੀ ਨਾ ਦਿੱਤੀ, ਜੋ ਸਰਾਸਰ ਗਲਤ ਹੈ। ਸਕਰਾਲੀ ਨੇ ਦੱਸਿਆ ਕਿ ਮਾਨ ਅਤੇ ਉਨ੍ਹਾਂ ਦੀ ਪਤਨੀ ਵੱਲੋਂ 2015 ’ਚ ਤਲਾਕ ਦੀ ਇੱਕ ਪਟੀਸ਼ਨ ਜ਼ਰੂਰ ਪਾਈ ਗਈ ਸੀ ਪਰ ਅਦਾਲਤ ਵੱਲੋਂ ਦਿੱਤੀਆਂ ਅਗਲੀਆਂ ਪੇਸ਼ੀਆਂ ‘ਤੇ ਇਹ ਹਾਜ਼ਰ ਨਾ ਹੋਏ ਤੇ ਆਖ਼ਰ ਅਦਾਲਤ ਨੇ ਉਹ ਪਟੀਸ਼ਨ ਖਾਰਜ ਕੀਤੀ। ਇਸ ਕਰਕੇ ਭਗਵੰਤ ਕਾਨੂੰਨੀ ਤੌਰ ’ਤੇ ਅਜੇ ਵੀ ਵਿਆਹੁਤਾ ਹਨ ਤੇ ਇਸ ਕਰਕੇ ਭਗਵੰਤ ਦੀ ਪਤਨੀ ਦੀ ਸੰਪਤੀ ਦੀ ਘੋਸ਼ਣਾ ਲਾਜ਼ਮੀ ਹੈ। ਇਸ ਸਬੰਧੀ ਧੂਰੀ ਰਿਟਰਨਿੰਗ ਅਫਸਰ ਇਸਮਤ ਵਿਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਖਿਲਾਫ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਹੋਈ ਸੀ ਤੇ ਹੁਣ ਸਮਾਂ ਲੰਘਣ ’ਤੇ ਇਸ ਸਬੰਧੀ ਕੋਈ ਵੀ ਫੈਸਲਾ ਉੱਚ ਅਦਾਲਤ ਹੀ ਲੈ ਸਕਦੀ ਹੈ।