ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਕੋਕਲੀਅਰ ਇੰਪਲਾਂਟ ਸਰਜਰੀ
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਅੱਜ ਆਪਣੀ ਪਹਿਲੀ ਕੋਕਲੀਅਰ ਇੰਪਲਾਂਟ ਸਰਜਰੀ ਸਫਲਤਾਪੂਰਵਕ ਕਰਕੇ ਉੱਨਤ ਈ ਐੱਨ ਟੀ ਦੇਖਭਾਲ ਦੇ ਖੇਤਰ ’ਚ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਥਾਨਕ ਡਾਕਟਰਾਂ ਦੀ ਇਹ ਇਤਿਹਾਸਕ ਪ੍ਰਾਪਤੀ ਨੂੰ ਇਸ ਖੇਤਰ ਵਿੱਚ...
ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਅੱਜ ਆਪਣੀ ਪਹਿਲੀ ਕੋਕਲੀਅਰ ਇੰਪਲਾਂਟ ਸਰਜਰੀ ਸਫਲਤਾਪੂਰਵਕ ਕਰਕੇ ਉੱਨਤ ਈ ਐੱਨ ਟੀ ਦੇਖਭਾਲ ਦੇ ਖੇਤਰ ’ਚ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਥਾਨਕ ਡਾਕਟਰਾਂ ਦੀ ਇਹ ਇਤਿਹਾਸਕ ਪ੍ਰਾਪਤੀ ਨੂੰ ਇਸ ਖੇਤਰ ਵਿੱਚ ਵਿਸ਼ੇਸ਼ ਸੁਣਵਾਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਕਾਰਵਾਈ ਕਰਾਰ ਦਿੱਤੀ ਜਾ ਰਹੀ।
ਇਹ ਸਰਜਰੀ ਕਰਨ ਵਾਲ਼ੀ ਟੀਮ ਦੇ ਮੁਖੀ ਵਜੋਂ ਕਾਰਜਸ਼ੀਲ ਰਹੇ ਈ ਐੱਨ ਟੀ ਵਿਭਾਗ ਦੇ ਮੁਖੀ ਪ੍ਰੋ. (ਡਾ.) ਸੰਜੀਵ ਭਗਤ ਨੇ ਦੱਸਿਆ ਕਿ ਇਹ ਸਰਜਰੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਪ੍ਰੋ. (ਡਾ.) ਸੁਰਿੰਦਰ ਕੁਮਾਰ ਸਿੰਘਲ ਦੀ ਅਗਵਾਈ ਹੇਠ ਕੀਤੀ ਗਈ ਸੀ, ਜਿਨ੍ਹਾਂ ਦੇ ਮਾਰਗਦਰਸ਼ਨ ਨੇ ਇਸ ਸਰਜਰੀ ਦੀ ਕਲੀਨਿਕਲ ਯੋਜਨਾਬੰਦੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਈ ਐੱਨ ਟੀ ਵਿਭਾਗ ਨੇ ਸੁਰੱਖਿਅਤ ਸਰਜਰੀ ਨੂੰ ਯਕੀਨੀ ਬਣਾਉਣ ਲਈ ਐੱਨਸਥੀਸੀਆ ਵਿਭਾਗ, ਆਡੀਓਲੋਜੀ ਟੀਮ, ਅਪ੍ਰੇਸ਼ਨ ਥੀਏਟਰ ਸਟਾਫ ਅਤੇ ਨਰਸਿੰਗ ਅਫਸਰਾਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕੀਤਾ। ਡਾ. ਸੰਜੀਵ ਭਗਤ ਦੱਸਦੇ ਹਨ ਕਿ ਇਹ ਅਪਰੇਸ਼ਨ ਅਜਿਹੇ ਛੋਟੇ ਬੱਚੇ ਦਾ ਕੀਤਾ ਗਿਆ ਜੋ ਸੁਣਨ ਤੋਂ ਅਸਮਰੱਥ ਸੀ ਤੇ ਸਫਲ ਇੰਪਲਾਂਟੇਸ਼ਨ ਅਤੇ ਅਪ੍ਰੇਸ਼ਨ ਤੋਂ ਬਾਅਦ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਇਹ ਮੀਲ ਪੱਥਰ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਪ੍ਰੋ. (ਡਾ.) ਰਮਿੰਦਰਪਾਲ ਸਿੰਘ ਸਿਬੀਆ ਦੀ ਗਤੀਸ਼ੀਲ ਅਗਵਾਈ ਅਤੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਦੇ ਸਮਰਥਨ ਦੇ ਤਹਿਤ ਹਾਸਲ ਕੀਤਾ ਗਿਆ ਹੈ।

