ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕਤੂਬਰ
25 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹਿਰ ਵਿੱਚ 1100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਉਣਗੇ। ਇਸ ਸਬੰਧੀ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ‘ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ’ ਦੇ ਨਾਮ ’ਤੇ ਕਾਰਜਸ਼ੀਲ ਹੋਈ ਪੰਜਾਬ ਦੀ ਇਸ ਖੇਡ ਯੂਨੀਵਰਸਿਟੀ ਦੀ ਉਸਾਰੀ ਪਿੰਡ ਸਿੱਧੂਵਾਲ ਚ ਸਥਿਤ ਲਾਅ ਯੂਨੀਵਰਸਿਟੀ ਨੇੜੇ ਲੱਗਦੀ ਜ਼ਮੀਨ ’ਚ ਹੀ ਸ਼ੁਰੂ ਹੋਵੇਗੀ ਤੇ ਮੁੱਖ ਮੰਤਰੀ ਆਪਣੀ ਪਟਿਆਲਾ ਫੇਰੀ ਦੀ ਸ਼ੁਰੂਆਤ 500 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਕੇ ਕਰਨਗੇ। ਮੁੱਖ ਮੰਤਰੀ ਰਾਜਪੁਰਾ ਰੋਡ ’ਤੇ 60.97 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਬੱਸ ਅੱਡੇ ਦੀ ਉਸਾਰੀ ਕਾਰਜ ਦਾ ਨੀਂਹ ਪੱਥਰ ਰੱਖਣਗੇ। ਪਟਿਆਲਾ ਵਾਸੀਆਂ ਲਈ ਨਹਿਰੀ ਪਾਣੀ ’ਤੇ ਆਧਾਰਤ 24×7 ਪਾਣੀ ਦੀ ਸਪਲਾਈ ਦੇ ਇਤਿਹਾਸਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਸ਼ਾਹੀ ਸ਼ਹਿਰ ਦੀ ਪੁਰਾਤਨ ਵਿਰਾਸਤੀ ਦਿੱਖ ਦੀ ਮੁੜ ਬਹਾਲੀ ਲਈ ਇਤਿਹਾਸਕ ਕਿਲ੍ਹਾ ਮੁਬਾਰਕ ਦੁਆਲੇ ਵਿਰਾਸਤੀ ਗਲੀ ਦੀ ਉਸਾਰੀ ਦੀ ਸ਼ੁਰੂ ਕੀਤੀ ਜਾਵੇਗੀ।