ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਪਰੈਲ
ਨਗਰ ਕੌਂਸਲ ਪਾਤੜਾਂ ਦੇ ਨਵੀਂ ਚੁਣੀ ਟੀਮ ਵੱਲੋਂਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਮੁੱਖ ਮੰਤਰੀ ਨਿਵਾਸ ਨਿਊ ਮੋਤੀ ਬਾਗ ਪੈਲੇਸ ਦੀ ਫੇਰੀ ਪਾਈ। ਜਿਸ ਦੌਰਾਨ ਨਵੀਂ ਟੀਮ ਨੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੋਂ ਆਸ਼ੀਰਵਾਦ ਲਿਆ ਗਿਆ। ਟੀਮ ਮੈਬਰਾਂ ਨੂੰ ਵਧਾਈ ਦਿੰਦਿਆਂ, ਪ੍ਰਨੀਤ ਕੌਰ ਦਾ ਕਹਿਣਾ ਸੀ ਕਿ ਪਿੰਡਾਂ ਵਿਚ ਜਿਥੇ ਪਹਿਲਾਂ ਹੀ ਪੰਚਾਇਤਾਂ ਦੇ ਰੂਪ ਵਿਚ ਲੋਕਾਂ ਨੇ ਕਾਂਗਰਸ ਦੇ ਹੱਕ ’ਚ ਫਤਵਾ ਦਿੱਤਾ ਹੋਇਆ ਹੈ, ਉਥੇ ਹੀ ਪਿਛਲੇ ਸਮੇਂ ਦੌਰਾਨ ਸ਼ਹਿਰੀ ਖੇਤਰ ’ਚ ਹੋਈਆਂ ਨਗਰ ਪਾਲਿਕਾ ਚੋਣਾ ਦੌਰਾਨ ਵੀ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾ ਕੇ ਪੰਜਾਬ ਸਰਕਾਰ ਦੀਆਂ ਵਿਕਾਸ ਮੁਖੀ ਨੀਤੀਆਂ ’ਤੇ ਮੋਹਰ ਲਾਈ ਹੈ। ਇਸੇ ਦੌਰਾਨ ਨਗਰ ਕੌਂਸਲ ਪਾਤੜਾਂ ਦੀ ਨਵੀਂ ਚੁਣੀ ਟੀਮ ਵਿਚ ਪ੍ਰਧਾਨ ਰਣਵੀਰ ਸਿੰਘ ਯਾਦਵ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਗੁਪਤਾ ਅਤੇ ਮੀਤ ਪ੍ਰਧਾਨ ਪ੍ਰੀਤੀ ਜੈਨ ਦੇ ਨਾਂ ਸ਼ਾਮਲ ਸਨ। ਸੀਨੀਅਰ ਕਾਂਗਰਸੀ ਆਗੂ ਪ੍ਰੇਮ ਗੁਪਤਾ ਨੇ ਬਿਨਾਂ ਕਿਸੇ ਅਹੁਦੇ ਤੋਂ ਸੇਵਾ ਕਰਨ ਦੀ ਗੱਲ ਆਖੀ ਪਰ ਸ੍ਰੀਮਤੀ ਪ੍ਰਨੀਤ ਕੌਰ ਦਾ ਤਰਕ ਸੀ ਕਿ ਪਾਤੜਾਂ ਵਿਚ ਕਾਂਗਰਸ ਦੀ ਮਜਬੂਤੀ ਲਈ ਪ੍ਰੇਮ ਗੁਪਤਾ ਦਾ ਇਸ ਟੀਮ ਵਿਚ ਸ਼ਾਮਲ ਰਹਿਣਾ ਜ਼ਰੂਰੀ ਪਹਿਲੂ ਹੈ। ਜਿਸ ਦੇ ਚੱਲਦਿਆਂ ਪ੍ਰੇਮ ਗੁਪਤਾ ਨੇ ਸ੍ਰੀਮਤੀ ਪ੍ਰਨੀਤ ਕੌਰ ਦੇ ਕਹਿਣ ’ਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸਹਿਮਤੀ ਜਿਤਾ ਦਿੱਤੀ। ਪਾਤੜਾਂ ਦੇ ਸਮੂਹ ਕੌਂਸਲਰ ਪਾਰਟੀ ਪੱਧਰ ਤੋਂ ਉਪਰ ਉਠ ਕੇ ਵਿਧਾਇਕ ਦੇ ਨਾਲ ਅੱਜ ਪਰਨੀਤ ਕੌਰ ਦੇ ‘ਦਰਬਾਰ’ ਪੁੱਜੇ, ਜਿਨ੍ਹਾਂ ਵਿਚ ਅਕਾਲੀ ਦਲ ਦੇ ਕੌਂਸਲਰ ਵੀ ਸ਼ਾਮਲ ਸਨ।