ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਸਤੰਬਰ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੰਡੌੜ ਦੇ ਜ਼ਮੀਨੀ ਸੰਘਰਸ਼ ਨੂੰ ਲੈ ਕੇ ਇੱਥੇ ਜੇਲ੍ਹ ਰੋਡ ’ਤੇ ਚੱਲ ਰਹੇ ਪੱਕੇ ਧਰਨੇ ਦੇ ਸੱਤਵੇਂ ਦਿਨ ਅੱਜ ਐਤਵਾਰ ਨੂੰ ਜੇਲ੍ਹਾਂ ’ਚ ਬੰਦ ਦਲਿਤ ਮੈਂਬਰਾਂ ਦੇ ਬੱਚਿਆਂ ਨੇ ਵੀ ਆਪਣੀਆਂ ਮਾਵਾਂ ਤੇ ਹਰ ਮਹਿਲਾ ਮੈਂਬਰਾਂ ਦੇ ਨਾਲ਼ ਧਰਨੇ ’ਚ ਸ਼ਿਰਕਤ ਕੀਤੀ। ਇਸ ਦੌਰਾਨ ਅੱੱਜ ਇੱਥੇ ਧਰਨੇ ’ਚ ਹੀ ਉਨ੍ਹਾਂ ਨੂੰ ਸਕੂਲ ਦਾ ਹੋਮ ਵਰਕ ਅਤੇ ਹੋਰ ਕੰਮ ਕਰਵਾਇਆ ਗਿਅ। ਇਸ ਮੌਕੇ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਨਾਲ਼ ਸਬੰਧਤ ਅਧਿਆਪਕਾਂ ਸੋਨੀਆ ਅਤੇ ਦਵਿੰਦਰ ਸਿੰਘ ਨੇ ਉਨ੍ਹਾਂ ਦੀਆਂ ਕਲਾਸਾਂ ਲਈਆਂ।
ਕਮੇਟੀ ਦੇ ਆਗੂ ਮਨਦੀਪ ਕੌਰ ਤੇ ਜਗਸੀਰ ਸਿੰਘ ਨੇ ਕਿਹਾ ਕਿ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੀ ਕੀਤੀ ਜਾ ਰਹੀ ਜਾਂਚ ਪੂਰੀ ਹੋਣ ਤੋਂ ਬਾਅਦ ਵੀ ਫ਼ੈਸਲੇ ਨੂੰ ਜਨਤਕ ਕਰਨ ਤੋਂ ਲਗਾਤਾਰ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਰਿਪੋਰਟ ਨੂੰ ਤੁਰੰਤ ਜਨਤਕ ਕੀਤਾ ਜਾਵੇ ਅਤੇ ਝੂਠੇ ਪਰਚਿਆਂ ਵਿੱਚ ਗ੍ਰਿਫਤਾਰ ਕੀਤੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਪੰਜਾਬ ਸਰਕਾਰ ’ਤੇ ਦਲਿਤ ਵਿਰੋਧੀ ਰਵੱਈਏ ਅਪਣਾਉਣ ਦੇ ਦੋਸ਼ ਲਾਉਂਦਿਆਂ, ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਵੀ ਆੜੇ ਹੱਥੀਂ ਲਿਆ ਤੇ 13 ਸਤੰਬਰ ਨੂੰ ਉਨ੍ਹਾਂ ਦੀ ਪਟਿਆਲਾ ਦੇ ਪਾਸੀ ਰੋਡ’ਤੇ ਸਥਿਤ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ।
ਅਪਰੈਂਟਿਸ ਵਰਕਰਾਂ ਦਾ ਮੋਰਚਾ ਜਾਰੀ
ਪਟਿਆਲਾ (ਖੇਤਰੀ ਪ੍ਰਤੀਨਿਧ): ਨੌਕਰੀ ਦੀ ਮੰਗ ਲਈ ਇੱਥੇ ਬਿਜਲੀ ਦੇ ਇੱਕ ਟਾਵਰ ’ਤੇ ਚੜ੍ਹ ਕੇ ਬੈਠੇ ਬੇਰੁਜ਼ਗਾਰ ਅਪਰੈਂਟਿਸ ਲਾਈਨਮੈਨ ਯੂਨੀਅਨ ਦਾ ਸੰਘਰਸ਼ ਅੱਜ ਵੀ ਜਾਰੀ ਰਿਹਾ। ਯੂਨੀਅਨ ਦੇ ਕਈ ਮੈਂਬਰ ਛੇ ਦਿਨਾਂ ਤੋਂ ਟਾਵਰ ’ਤੇ ਚੜ੍ਹੇ ਹੋਏ ਹਨ ਜਦਕਿ ਇਨ੍ਹਾਂ ਦੇ ਕਈ ਸਾਥੀਆਂ ਨੇ ਇਸ ਟਾਵਰ ਦੇ ਹੇਠਾਂ ਮੋਰਚਾ ਸੰਭਾਲ਼ਿਆ ਹੋਇਆ ਹੈ। ਲੰਘੀ ਰਾਤ ਇਨ੍ਹਾਂ ਦੇ ਦੋ ਸਾਥੀਆਂ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵੀ ਲਿਜਾਣਾ ਪਿਆ। ਇਸੇ ਦੌਰਾਨ ਅਨਐਂਪਲੁਆਇਡ ਮਲਟੀਪਰਪਜ ਹੈਲਥ ਵਰਕਰਾਂ ਵੱਲੋਂ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਦੀ ਅਗਵਾਈ ਹੇਠਾਂ ਅੱਜ ਇੱਥੇ ਸਰਹਿੰਦ ਰੋਡ ’ਤੇ ਹੀ ਪੱਕਾ ਧਰਨਾ ਸ਼ੂਰੂ ਕਰ ਦਿੱਤਾ ਗਿਆ ਹੈ। ਉਹ ਭਰਤੀ ਦੀ ਮੰਗ ਕਰ ਰਹੇ ਹਨ ਜਿਸ ਦੀ ਪੂਰਤੀ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ