Chharbar Opposes Proposed Hazur Sahib Act Changes: ਛੜਬੜ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਰੱਦ ਕਰਨ ਦਾ ਵਿਰੋਧ ਕੀਤਾ
ਭਾਜਪਾ ਨਾਲ ਜੁੜੇ ਸਿੱਖ ਆਗੂਆਂ ਤੋਂ ਸਪੱਸ਼ਟ ਸਟੈਂਡ ਮੰਗਿਆ
ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਸਿੱਖ ਆਗੂ ਭਾਈ ਜਗਜੀਤ ਸਿੰਘ ਛੜਬੜ ਨੇ ਮਹਾਰਾਸ਼ਟਰ ਸਰਕਾਰ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਸਬੰਧਤ 1956 ਦੇ ਐਕਟ ਨੂੰ ਰੱਦ ਕਰ ਕੇ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਿੱਖ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਦਰਸਾਉਂਦਾ ਹੈ, ਜਿਸ ਨੂੰ ਸਿੱਖ ਭਾਈਚਾਰਾ ਸਵੀਕਾਰ ਨਹੀਂ ਕਰੇਗਾ। ਸ੍ਰੀ ਛੜਬੜ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਕੈਬਨਿਟ ਨਵੇਂ ਐਕਟ ਨੂੰ ਮਨਜ਼ੂਰੀ ਦੇ ਚੁੱਕੀ ਹੈ ਅਤੇ ਹੁਣ ਸਿਰਫ਼ ਕਾਨੂੰਨੀ ਪ੍ਰਕਿਰਿਆ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਦੇਸ਼-ਵਿਦੇਸ਼ ਦੀ ਸਿੱਖ ਸੰਗਤ ਵਿੱਚ ਡੂੰਘਾ ਰੋਸ ਹੈ ਅਤੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ’ਤੇ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸਰਕਾਰ ਦੀ ਕਿਸੇ ਵੀ ਅਜਿਹੀ ਕੋਸ਼ਿਸ਼ ਦਾ ਸਿੱਖ ਭਾਈਚਾਰਾ ਡਟ ਕੇ ਵਿਰੋਧ ਕਰੇਗਾ। ਨਾਲ ਹੀ ਉਨ੍ਹਾਂ ਭਾਜਪਾ ਨਾਲ ਜੁੜੇ ਸਿੱਖ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਆਪਣਾ ਸਪੱਸ਼ਟ ਸਟੈਂਡ ਜਨਤਕ ਕਰਨ ਤਾਂ ਜੋ ਸਿੱਖ ਭਾਈਚਾਰੇ ਵਿੱਚ ਫੈਲੀ ਦੁਬਿਧਾ ਦੂਰ ਹੋ ਸਕੇ।
