ਅੱਜ ਦੁਪਹਿਰ ਵੇਲੇ ਇੱਥੇ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ’ਤੇ ਫੱਗੂਵਾਲਾ ਕੈਂਚੀਆਂ ਦੇ ਫਲਾਈਓਵਰ ਉਤੇ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ ਸਵਾਰ ਪਤੀ, ਪਤਨੀ ਤੇ ਬੱਚਿਆਂ ਸਣੇ ਪੰਜ ਜਣੇ ਵਾਲ ਵਾਲ ਬਚ ਗਏ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਰੁਣ ਕੁਮਾਰ ਵਾਸੀ ਛੋਟੀ ਬਾਰਾਂਦਰੀ ਪਟਿਆਲਾ ਨੇ ਦੱਸਿਆ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਆਪਣੀ ਪਤਨੀ, ਭਰਾ ਤੇ ਦੋ ਬੱਚਿਆਂ ਸਣੇ ਨਿਸ਼ਾਨ ਸਨੀ ਕਾਰ ਵਿਚ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਧੂਰੀ ਜਾ ਰਹੇ ਸਨ। ਉਹ ਜਦੋਂ ਭਵਾਨੀਗੜ੍ਹ ਤੋਂ ਥੋੜ੍ਹਾ ਅੱਗੇ ਫੱਗੂਵਾਲਾ ਕੈਂਚੀਆਂ ਨੇੜੇ ਬਣੇ ਫਲਾਈਓਵਰ ’ਤੇ ਪਹੁੰਚੇ ਤਾਂ ਅਚਾਨਕ ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਤੁਰੰਤ ਕਾਰ ਸੜਕ ਕਿਨਾਰੇ ਰੋਕ ਕੇ ਸਾਰਿਆਂ ਨੂੰ ਫੁਰਤੀ ਨਾਲ ਕਾਰ ਵਿੱਚੋਂ ਬਾਹਰ ਕੱਢਿਆ। ਇਸੇ ਦੌਰਾਨ ਕੁੱਝ ਹੀ ਪਲਾਂ ਵਿਚ ਅੱਗ ਨੇ ਪੂਰੀ ਕਾਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਐੱਸ ਐੱਸ ਐੱਫ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਅਰੁਣ ਕੁਮਾਰ ਨੇ ਕਾਰ ਨੂੰ ਅੱਗ ਲੱਗਣ ਦਾ ਕਾਰਨ ਤਕਨੀਕੀ ਖ਼ਰਾਬੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।

