ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਸਤੰਬਰ
ਪਟਿਆਲਾ ਸ਼ਹਿਰ ਤੋਂ ਵਿਧਾਇਕ ਵਜੋਂ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਪਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਅਸਤੀਫ਼ਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਸੀ ਅਹੁਦੇ ਤੋਂ ਦਿੱਤਾ ਗਿਆ ਇਹ ਪੰਜਵਾਂ ਅਸਤੀਫ਼ਾ ਹੈ। ਪਹਿਲਾ ਅਸਤੀਫ਼ਾ ਉਨ੍ਹਾਂ 1984 ’ਚ ਹਰਿਮੰਦਰ ਸਾਹਿਬ ’ਤੇ ਹੋਏ ਫੌਜੀ ਹਮਲੇ ਖ਼ਿਲਾਫ਼ ਦਿੱਤਾ। ਉਦੋਂ ਉਹ 1980 ਤੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸਨ। ਪਰ ਆਪਣੀ ਹੀ ਪਾਰਟੀ ਦੀ ਕੇਂਦਰੀ ਸਰਕਾਰ ਦੀ ਅਧੀਨਗੀ ’ਚ ਹੋਏ ਇਸ ਹਮਲੇ ਦੇ ਰੋਸ ਵਜੋਂ ਉਨ੍ਹਾਂ ਨਾ ਸਿਰਫ਼ ਲੋਕ ਸਭਾ ਬਲਕਿ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਤੇ 1985 ’ਚ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਵਿਧਾਇਕ ਬਣੇ ਤੇ ਬਰਨਾਲਾ ਸਰਕਾਰ ’ਚ ਕੈਬਨਿਟ ਮੰਤਰੀ ਬਣੇ। ਪਰ ਇਸ ਦੌਰਾਨ ਅਪਰੈਲ 1986 ’ਚ ਹੋਏ ਬਲੈਕ ਥੰਡਰ (ਸ੍ਰੀ ਹਰਿਮੰਦਰ ਸਾਹਿਬ ’ਚ ਪੁਲੀਸ ਦਾਖਲ ਹੋਣਾ) ਦੇ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਸੇ ਤਰ੍ਹਾਂ 2014 ’ਚ ਅੰਮ੍ਰਿਤਸਰ ਤੋਂ ਕਾਂਗਰਸ ਤਰਫ਼ੋਂ ਲੋਕ ਸਭਾ ਮੈਂਬਰ ਚੁਣੇ ਜਾਣ ’ਤੇ ਉਨ੍ਹਾਂ ਪਟਿਆਲਾ ਸ਼ਹਿਰੀ ਹਲਕੇ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਮਗਰੋਂ ਹੋਈ ਜਿਮਨੀ ਚੋਣ ਦੌਰਾਨ ਉਨ੍ਹਾਂ ਦੀ ਪਤਨੀ ਪਰਨੀਤ ਕੌਰ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸਨ ਪਰ 2017 ’ਚ ਮੁੜ ਪਟਿਆਲਾ ਤੋਂ ਵਿਧਾਇਕ ਚੁਣੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਮ੍ਰਿਤਸਰ ਦੇ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਵੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ।
ਫੌਜ ਵਿਚੋਂ ਵੀ ਅਸਤੀਫ਼ਾ
ਅਮਰਿੰਦਰ ਸਿੰਘ 1963 ਵਿਚ ਆਰਮੀ ’ਚ ਅਫਸਰ ਭਰਤੀ ਹੋ ਗਏ ਸਨ ਪਰ ਸਿਆਸਤ ਦੀ ਚੇਟਕ ਤਹਿਤ ਉਹ ਦੋ ਸਾਲਾਂ ਮਗਰੋਂ 1965 ਵਿੱਚ ਨੌਕਰੀ ਛੱਡਦਿਆਂ, ਅਸਤੀਫ਼ਾ ਦੇ ਕੇ ਆ ਗਏ ਸਨ। ਉਂਜ ਉਨ੍ਹਾਂ ਭਾਰਤ-ਪਾਕਿਸਤਾਨ ਦੀ ਜੰਗ ਲੱਗਣ ਕਰਕੇ ਫੌਜ ’ਚ ਵਾਪਸ ਜਾ ਕੇ ਆਪਣੀ ਡਿਊਟੀ ਸੰਭਾਲ ਲਈ ਸੀ। ਫਿਰ ਜੰਗ ਮੁੱਕਣ ਮਗਰੋਂ ਮੁੜ ਨੌਕਰੀ ਛੱਡ ਕੇ ਘਰ ਆ ਗਏ ਸਨ।