ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਕਤੂਬਰ
ਨਵੇਂ ਹਾਈ-ਟੈੱਕ ਬੱਸ ਸਟੈਂਡ ਦੀ ਪਟਿਆਲਾ ਵਾਸੀਆਂ ਦੀ ਚਿਰੋਕਣੀ ਮੰਗ ਦੀ ਪੂਰਤੀ ਕਰਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪੁਰਾ ਰੋਡ ’ਤੇ ਸਥਿਤ ਅਰਬਨ ਅਸਟੇਟ ਕੋਲ਼ 65 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਦੇ ਨਾਲ ਹੀ ਉਨ੍ਹਾਂ ਨੇ 6.74 ਕਰੋੜ ਰੁਪਏ ਦੀ ਲਾਗਤ ਨਾਲ਼ ਰਾਜਪੁਰਾ ਰੋਡ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਿਆ।
ਮੁੱਖ ਮੰਤਰੀ ਦਾ ਕਹਿਣਾ ਸੀ ਕਿ ਇਹ ਬੱਸ ਸਟੈਂਡ 15 ਮਹੀਨਿਆਂ ਵਿੱਚ ਮੁਕੰਮਲ ਹੋਵੇਗਾ ਅਤੇ ਇਹ ਆਧੁਨਿਕ ਅਤੇ ਮੁਸਾਫਰ ਪੱਖੀ ਬੱਸ ਸਟੈਂਡ ਨਾਲ ਮੌਜੂਦਾ ਬੱਸ ਸਟੈਂਡ ਦਾ ਵਿਸਥਾਰ ਹੋਵੇਗਾ ਅਤੇ ਦੋਵੇਂ ਥਾਵਾਂ ਦਰਮਿਆਨ ਆਪਸੀ ਸੰਪਰਕ ਬਣਾਉਣ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਲੋੜੀਂਦੀ ਯੋਜਨਾ ਉਲੀਕੀ ਜਾ ਰਹੀ ਹੈ।
ਇਸੇ ਤਰ੍ਹਾਂ ਰਾਜਪੁਰਾ ਰੋਡ ਜਿੱਥੇ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਨੂੰ ਵੀ ਅਗਲੇ ਸਾਲ ਤੱਕ ਚੌੜਾ ਕੀਤਾ ਜਾਵੇਗਾ। ਇਸ ਮੌਕੇ ’ਤੇ ਲੋਕ ਸਭਾ ਮੈਂਬਰ ਪਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਸਮੇਤ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ, ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੀਆਰਟੀਸੀ ਦੇ ਵਾਈਸ ਚੇਅਰਮੈਨ ਗੁਰਿੰਦਰ ਸਿੰਘ ਦੂਆ (ਰਾਜਪੁਰਾ), ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੰਤੋਖ ਸਿੰਘ ਸਮੇਤ ਹੋਰ ਸ਼ਖਸੀਅਤਾਂ ਤੇ ਅਧਿਕਾਰੀ ਵੀ ਹਾਜ਼ਰ ਸਨ।