ਪੰਚਾਇਤ ਸਮਿਤੀ ਚੋਣਾਂ ਵਿੱਚ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਕਰਵਾਉਣ ਲਈ ਘਰਾਂ ਦੇ ਬਾਹਰ ਚੌਂਤਰੇ, ਵਧਾਈਆਂ ਹੋਈਆਂ ਗੈਲਰੀਆਂ ਦੀਆਂ ਸ਼ਿਕਾਇਤਾਂ ਵੀ ਪਹੁੰਚੀਆਂ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸੋਸ਼ਲ ਮੀਡਿਆ ’ਤੇ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਧੱਕੇਸ਼ਾਹੀ ਕਰਨ ’ਤੇ ਅਦਾਲਤ ਜਾਣ ਦੀ ਚਿਤਾਵਨੀ ਵੀ ਦਿੱਤੀ। ਜਦੋਂ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਚੌਂਤਰੇ, ਰੈਂਪ ਸਾਹਮਣੇ ਆਏ ਤਾਂ ਇਸ ਮੁੱਦੇ ’ਤੇ ਕਿਸੇ ਦੀ ਨਾਮਜ਼ਦਗੀ ਰੱਦ ਨਾ ਹੋਈ।
ਪੰਚਾਇਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਰਿਟਰਨਿੰਗ ਅਫਸਰ ਵੱਲੋਂ ਕਈ ਸ਼ਿਕਾਇਤਾਂ ਮਾਰਕ ਹੋ ਕੇ ਆਈਆਂ, ਜਿਸ ਵਿੱਚ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੇ ਘਰ ਦੇ ਥੜ੍ਹੇ, ਰੈਂਪ ਤੇ ਚੌਂਤਰੇ ਗਲੀ ਵਿੱਚ ਅੱਗੇ ਵਧੇ ਹੋਣ ਦਾ ਮਾਮਲਾ ਉਠਾ ਕੇ ਨਾਮਜ਼ਦਗੀ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ।
ਸ਼ਿਕਾਇਤਾਂ ਪ੍ਰਾਪਤ ਹੁੰਦਿਆਂ ਹੀ ਪੰਚਾਇਤ ਸਕੱਤਰ ਪਿੰਡਾਂ ਵਿੱਚ ਉਮੀਦਵਾਰਾਂ ਦੇ ਘਰਾਂ ਦੀ ਤਸਵੀਰਾਂ ਲੈਣ ਪਹੁੰਚੇ। ਇਸ ਕਾਰਵਾਈ ਬਾਰੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪਤਾ ਲੱਗਿਆ ਤਾਂ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਨਾਭਾ ਦੇ ਵਾਰਡ 2 ਤੋਂ ਕੌਂਸਲਰ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕਿਸੇ ਉਮੀਦਵਾਰ ਦੇ ਗਲਤ ਢੰਗ ਨਾਲ ਕਾਗਜ਼ ਰੱਦ ਕੀਤੇ ਗਏ ਤਾਂ ਉਹ ਲਾਜ਼ਮੀ ਅਦਾਲਤ ਜਾਣਗੇ।
ਕਾਂਗਰਸ ਉਮੀਦਵਾਰਾਂ ਦੇ ਵਕੀਲ ਰੀਤ ਇਕਬਾਲ ਸਿੰਘ ਮਝੈਲ ਨੇ ਦੱਸਿਆ ਕਿ ਕਾਂਗਰਸ ਦੇ ਕਈ ਉਮੀਦਵਾਰਾਂ ਖ਼ਿਲਾਫ਼ ਜਦੋਂ ਕੁਝ ਹੋਰ ਨਾ ਲੱਭਿਆ ਤਾਂ ਘਰ ਦੇ ਰੈਂਪ ਜਾਂ ਬਾਹਰ ਨਾਲੀ ’ਤੇ ਬਣਾਏ ਚੌਂਤਰੇ ਦੀ ਵੀ ਸ਼ਿਕਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫਿਰ ਉਨ੍ਹਾਂ ‘ਆਪ’ ਉਮੀਦਵਾਰਾਂ ਦੇ ਘਰਾਂ ਦੀਆਂ ਤਸਵੀਰਾਂ ਪੇਸ਼ ਕਰਦਿਆਂ ਉਹੀ ਇਤਰਾਜ਼ ਲਗਾ ਕੇ ਸ਼ਿਕਾਇਤਾਂ ਪਾ ਦਿੱਤੀਆਂ। ਰਾਤ ਨੂੰ ਜਦੋਂ ਉਮੀਦਵਾਰਾਂ ਦੀ ਸੂਚੀ ਆਈ ਤਾਂ ਕਿਸੇ ਦੀ ਵੀ ਨਾਮਜ਼ਦਗੀ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਰੱਦ ਨਹੀਂ ਕੀਤੀ ਗਈ। ਨਾਭਾ ਰਿਟਰਨਿੰਗ ਅਫਸਰ ਨੇ ਇਸ ਬਾਬਤ ਕੋਈ ਜਵਾਬ ਨਾ ਦਿੱਤਾ।
ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਚਾਰ ਨਾਮਜ਼ਦਗੀਆਂ ਰੱਦ
ਨਾਭਾ ਦੇ 114 ਉਮੀਦਵਾਰਾਂ ਵਿੱਚੋਂ ਸਿਰਫ 4 ਨਾਮਜ਼ਦਗੀਆਂ ਰੱਦ ਹੋਈਆਂ, ਜਿਨ੍ਹਾਂ ਵਿੱਚ ਦੋ ਕਾਂਗਰਸ, ਇੱਕ ਬਹੁਜਨ ਸਮਾਜ ਪਾਰਟੀ ਤੇ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਮਲ ਹੈ। ਕਾਂਗਰਸ ਦੇ ਸੁਖਵਿੰਦਰ ਕੌਰ ਅਲੋਹਰਾਂ, ਅੰਮ੍ਰਿਤਪਾਲ ਕੌਰ ਖਨੌੜਾ ਤੇ ਬਸਪਾ ਦੇ ਊਸ਼ਾ ਕੁਮਾਰੀ ਭੋੜੇ ਦੀ ਨਾਜ਼ਮਦਗੀ ਜਾਤੀ ਸਰਟੀਫਿਕੇਟ ਕਾਰਨ ਰੱਦ ਹੋਈ। ਆਮ ਆਦਮੀ ਪਾਰਟੀ ਤੋਂ ਰਾਜਵਿੰਦਰ ਕੌਰ ਦੀ ਵੋਟ ਸਬੰਧਤ ਪੰਚਾਇਤ ਸਮਿਤੀ ਜ਼ੋਨ ਵਿੱਚ ਨਾ ਹੋਣ ਕਰਕੇ ਰੱਦ ਕੀਤੀ ਗਈ।

