ਖੇਤਰੀ ਪ੍ਰਤੀਨਿਧ
ਪਟਿਆਲਾ, 27 ਅਗਸਤ
ਕੁਝ ਦਿਨ ਤੋਂ ਲਾਪਤਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਲਾਸ਼ ਭਾਖੜਾ ਨਹਿਰ ਵਿੱਚੋਂ ਮਿਲੀ ਹੈ। ਇੱਥੇ ਫਿਲਾਸਫੀ ਦੀ ਐਮ.ਏ ਕਰਦਾ ਗੁਰਪ੍ਰੀਤ ਸਿੰਘ ਨਾਮ ਦਾ ਇਹ ਵਿਦਿਆਰਥੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਦਾ ਵਸਨੀਕ ਸੀ।ਨੂੰ
ਜਾਣਕਾਰੀ ਅਨੁਸਾਰ ਉਹ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਇਲਾਕੇ ਵਿੱਚ ਪੇਇੰਗ ਗੈਸਟ (ਪੀ.ਜੀ) ਵਜੋਂ ਰਹਿੰਦਾ ਸੀ। ਹੋਰ ਵੇਰਵਿਆਂ ਅਨੁਸਾਰ ਉਹ 24 ਅਗਸਤ ਤੋਂ ਭੇਤਭਰੀ ਹਾਲਤ ’ਚ ਲਾਪਤਾ ਸੀ। ਇਸ ਸਬੰਧੀ ਜਿਥੇ ਉਸ ਦੇ ਸਾਥੀਆਂ ਵੱਲੋਂ ਆਪਣੇ ਪੱਧਰ ’ਤੇ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ, ਉੱਥੇ ਹੀ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ ਅੰਮ੍ਰਿਤਬੀਰ ਸਿੰਘ ਚਹਿਲ ਦੀ ਅਗਵਾਈ ਹੇਠਲੀ ਪੁਲੀਸ ਫੋਰਸ ਵੀ ਉਸ ਦੀ ਤਲਾਸ਼ ਕਰ ਰਹੀ ਸੀ। ੲਿਸ ਦੌਰਾਨ ਉਸ ਦੀ ਲਾਸ਼ ਅੱਜ ਭਾਖੜਾ ਦੇ ਖਨੌਰੀ ਹੈੱਡ ਤੋਂ ਮਿਲੀ ਹੈ। ਥਾਣਾ ਮੁਖੀ ਅੰਮ੍ਰਿਤਬੀਰ ਚਹਿਲ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਤੇ ਸਨੌਰ ਹਲਕੇ ਦੇ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਦਮਾਜਰਾ ਨੇ ਵੀ ਗੁਰਪ੍ਰੀਤ ਸਿੰਘ ਦੀ ਮੌਤ ’ਤੇ ਦੁੱਖ ਜ਼ਾਹਰ ਕਰਦਿਆਂ,ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।