ਮੰਡੀਆਂ ’ਚ ਸ਼ਰ੍ਹੇਆਮ ਹੋ ਰਹੀ ਹੈ ਸਬਜ਼ੀਆਂ ਦੀ ਕਾਲਾਬਾਜ਼ਾਰੀ : The Tribune India

ਮੰਡੀਆਂ ’ਚ ਸ਼ਰ੍ਹੇਆਮ ਹੋ ਰਹੀ ਹੈ ਸਬਜ਼ੀਆਂ ਦੀ ਕਾਲਾਬਾਜ਼ਾਰੀ

ਕਿਸਾਨਾਂ ਅਤੇ ਖਪਤਾਕਾਰਾਂ ਦੋਵਾਂ ਦੀ ਹੋ ਰਹੀ ਲੁੱਟ

ਮੰਡੀਆਂ ’ਚ ਸ਼ਰ੍ਹੇਆਮ ਹੋ ਰਹੀ ਹੈ ਸਬਜ਼ੀਆਂ ਦੀ ਕਾਲਾਬਾਜ਼ਾਰੀ

ਪਟਿਆਲਾ ’ਚ ਇਕ ਰੇਹੜੀ ’ਤੇ ਪਰਚੂਨ ਵਿਕਰੇਤਾ ਵੱਲੋਂ ਸਜਾਈ ਹੋਈ ਸਬਜ਼ੀ।

ਗੁਰਨਾਮ ਸਿੰਘ ਅਕੀਦਾ
ਪਟਿਆਲਾ 9 ਦਸੰਬਰ

ਕਿਸਾਨ ਸਵੇਰੇ ਚਾਰ ਵਜੇ ਤੋਂ ਪਹਿਲਾਂ ਸ਼ਹਿਰ ਦੀ ਵੱਡੀ ਸਬਜ਼ੀ ਮੰਡੀ ਵਿਚ ਪਹੁੰਚ ਕੇ ਸਬਜ਼ੀ ਵੇਚਣ ਲਈ ਆਉਂਦਾ ਹੈ, ਸਬਜ਼ੀ ਧੋ ਸੰਵਾਰ ਕੇ ਗੱਠੇ ਬੰਨ੍ਹ ਕੇ ਥੈਲਿਆਂ ਵਿਚ ਪਾ ਕੇ ਲਿਆਉਂਦਾ ਹੈ ਤੇ ਉਸ ਨੂੰ ਸਬਜ਼ੀ ਮੰਡੀ ਵਿਚ ਰੇਟ ਰੋਜ਼ਾਨਾ ਦੇ ਭਾਅ ਅਨੁਸਾਰ ਮਿਲਦਾ ਹੈ, ਪਰ ਕਿਸਾਨ ਵੱਲੋਂ ਬਹੁਤ ਸਸਤੇ ਭਾਅ ਵਿਚ ਵੇਚੀ ਗਈ ਸਬਜ਼ੀ ਬਾਜ਼ਾਰ ਵਿਚ ਪਹੁੰਚਣ ਤੋਂ ਬਾਅਦ ਖਪਤਕਾਰ ਨੂੰ ਤਿੱਗਣੇ ਭਾਅ ਵਿਚ ਮਿਲਦੀ ਹੈ। ਪਰ ਪ੍ਰਸ਼ਾਸਨ ਅੱਖਾਂ ਮੀਟ ਕੇ ਕਾਲਾ ਬਜ਼ਾਰੀ ਹੁੰਦੀ ਦੇਖ ਰਿਹਾ ਹੈ।

ਇਸ ਸਬੰਧੀ ਮੌਕੇ ’ਤੇ ਪਤਾ ਕਰਨ ਅਨੁਸਾਰ ਤੱਥ ਸਾਹਮਣੇ ਆਏ ਕਿ ਗਾਜਰ ਪਟਿਆਲਾ ਦੀ ਸਬਜ਼ੀ ਮੰਡੀ ਵਿਚ 7 ਰੁਪਏ ਕਿੱਲੋ ਵਿ‌ਕਿਆ ਪਰ ਉਹ ਬਾਜ਼ਾਰ ਵਿਚ ਰਿਟੇਲ ਭਾਅ ’ਤੇ 30 ਰੁਪਏ ਕਿੱਲੋ ਵਿਕ ਰਹੀ ਹੈ। ਇਸੇ ਤਰ੍ਹਾਂ ਮੂਲ਼ੀ ਦਾ ਗੱਠੜ ਵੀ 7 ਰੁਪਏ ਕਿੱਲੋ ਵਿਕਿਆ ਪਰ ਉਹ ਰਿਟੇਲ ’ਤੇ 25 ਰੁਪਏ ਕਿੱਲੋ ਵਿਕ ਰਹੀ ਹੈ, ਮਟਰ ਫਲੀਆਂ ਵਾਲੇ ਮੰਡੀ ਵਿਚ 16 ਰੁਪਏ ਕਿੱਲੋ ਗੱਠੜ ਵਿਕਿਆ ਪਰ ਉਹ ਬਾਜ਼ਾਰ ਵਿਚ 40 ਰੁਪਏ ਕਿੱਲੋ ਵਿਕ ਰਿਹਾ ਹੈ। ਲਾਲ ਟਮਾਟਰ 15 ਰੁਪਏ ਕਿੱਲੋ ਕਰੇਟ ਮੰਡੀ ਵਿਚ ਵਿਕਿਆ ਪਰ ਉਹ ਬਾਜ਼ਾਰ ਵਿਚ 40 ਰੁਪਏ ਕਿੱਲੋ ਵਿਕ ਰਿਹਾ ਹੈ। ਬੈਂਗਣ ਮੰਡੀ ਵਿਚ 7 ਰੁਪਏ ਕਿੱਲੋ ਗੱਠੜ ਵਿਕਿਆ ਭਰ ਉਹ ਬਾਜ਼ਾਰ ਵਿਚ 25 ਰੁਪਏ ਕਿੱਲੋ ਵਿਕ ਰਿਹਾ ਹੈ।

ਇਸੇ ਤਰ੍ਹਾਂ ਨਵਾਂ ਆਲੂ ਮੰਡੀ ਵਿਚ 10 ਰੁਪਏ ਕਿੱਲੋ ਵਿਕਿਆ ਪਰ ਬਜ਼ਾਰ ਵਿਚ ਰਿਟੇਲ ਤੇ 25 ਰੁਪਏ ਕਿੱਲੋ ਵਿਕਿਆ। ਧਨੀਆ ਮੰਡੀ ਵਿਚ 15 ਰੁਪਏ ਕਿੱਲੋ ਵਿਕਿਆ ਪਰ ਬਜ਼ਾਰ ਵਿਚ ਇਹ 10-15 ਰੁਪਏ ਦੀ ਗੁੱਛੀ ਵਿਕਦਾ ਹੈ, ਜੋ ਕਰੀਬ 80 ਰੁਪਏ ਕਿੱਲੋ ਬੈਠ ਜਾਂਦਾ ਹੈ। ਘੀਆ ਕੱਦੂ ਮੰਡੀ ਵਿਚ 7 ਰੁਪਏ ਕਿੱਲੋ ਵਿਕ ਰਿਹਾ ਹੈ, ਪਰ ਬਾਜ਼ਾਰ ਵਿਚ ਇਹ ਵੀ 30 ਰੁਪਏ ਤੋਂ ਘੱਟ ਨਹੀਂ ਵਿਕ ਰਿਹਾ। ਕਿਸਾਨ ਬਿੰਦਰ ਸਿੰਘ ਗਗੜਪੁਰ ਤੇ ਕੁਲਵਿੰਦਰ ਅਸਰਪੁਰੀਏ ਨੇ ਦੱਸਿਆ ਕਿ ਕਿਸਾਨ ਜਦੋਂ ਮੰਡੀ ਵਿਚ ਤਿਆਰ ਕਰਕੇ ਸਬਜ਼ੀ ਵੇਚਦਾ ਹੈ ਤਾਂ ਉਸ ਨੂੰ 1000 ਰੁਪਏ ਪਿੱਛੇ 70 ਰੁਪਏ ਆੜ੍ਹਤ ਦੇਣੀ ਪੈਂਦੀ ਹੈ। ਇਹ ਹਾਲ ਕਿਸਾਨ ਮੰਡੀਆਂ ਵਿਚ ਵੀ ਹੈ ਉੱਥੇ ਵੀ ਰੇਟ ਤਿਗਣਾ ਹੀ ਲਿਆ ਜਾਂਦਾ ਹੈ।

ਮੰਡੀ ਅਫਸਰ ਦੀ ਡਿਊਟੀ ਲਗਾਵਾਂਗੀ: ਡੀਸੀ

ਪਟਿਆਲਾ ਦੀ ਡੀਸੀ ਸਾਕਸੀ ਸਾਹਨੀ ਨੇ ਕਿਹਾ ਕਿ ਮੈਂ ਵੀ ਸਬਜ਼ੀਆਂ ਮਹਿੰਗੇ ਭਾਅ ਹੀ ਖਰੀਦਦੀ ਹਾਂ, ਕੀ ਮੰਡੀ ਤੇ ਰਿਟੇਲ ਵਿਚ ਇੰਨਾ ਫਰਕ ਹੈ? ਇਹ ਤਾਂ ਵਾਕਈ ਸੋਚਣ ਵਾਲੀ ਗੱਲ ਹੈ, ਮੈਂ ਇਸ ਦਾ ਪੂਰਾ ਵੇਰਵਾ ਲੈਣ ਲਈ ਮੰਡੀ ਅਫਸਰ ਦੀ ਡਿਊਟੀ ਲਗਾਉਂਦੀ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All