BKU Ugrahan protest : ਡੀ ਸੀ ਦਫ਼ਤਰਾਂ ਅੱਗੇ ਨਾਅਰੇ ਗੂੰਜਣ ਲੱਗੇ
ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਆਲੋਚਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਡੀ ਸੀ ਦਫ਼ਤਰ ਅੱਗੇ ਚੱਲ ਰਹੇ ਬੇਮਿਆਦੀ ਪੱਕੇ ਮੋਰਚੇ ਦੇ ਦੂਜੇ ਦਿਨ ਵੀ ਕਿਸਾਨਾਂ ਵਲੋਂ ਕੇਂਦਰ ਅਤੇ ਰਾਜ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਲ ਦੂਰ-ਦੂਰ ਤੱਕ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਲੰਗਰ ਚੱਲ ਰਹੇ ਹਨ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਅਮਨਦੀਪ ਸਿੰਘ ਮਹਿਲਾਂ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਅੜੀਅਲ ਰਵੱਈਆ ਛੱਡ ਕੇ ਗੱਲਬਾਤ ਰਾਹੀਂ ਕਿਸਾਨ-ਮਜ਼ਦੂਰ ਮੰਗਾਂ ਦਾ ਹੱਲ ਕਰੇ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲੀਸ ਜਬਰ ਵਰਗੇ ਮੁੱਦਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਡੀ ਸੀ ਦਫਤਰ ਮਾਲੇਰਕੋਟਲਾ ਸਾਹਮਣੇ ਲਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਸਾਂਝਾ ਮੁਲਾਜ਼ਮ ਮੰਚ ਮਾਲੇਰਕੋਟਲਾ ਦੇ ਆਗੂ ਪਟਵਾਰੀ ਦੀਦਾਰ ਸਿੰਘ ਛੋਕਰਾਂ, ਕਮਲਵੀਰ ਸਿੰਘ ਸੰਧੂ ਨੇ ਕਿਸਾਨ ਸੰਘਰਸ਼ ਨੂੰ ਭਰਵੀਂ ਹਮਾਇਤ ਦਿੰਦਿਆਂ ਮੋਰਚੇ ਵਿਚ ਡਟਣ ਦਾ ਐਲਾਨ ਕੀਤਾ।
ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਦੀ ਚਿਤਾਵਨੀ
ਸੰਗਰੂਰ: ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਡੀ ਸੀ ਦਫਤਰ ਦੇ ਗੇਟ ਅੱਗੇ ਚੱਕਾ ਜਾਮ ਕਰਦਿਆਂ ਧਰਨਾ ਦਿੱਤਾ ਅਤੇ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਸਾਨ ਮਜ਼ਦੂਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਦੋਂ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਸਰਕਾਰ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਲੱਗੇ ਮੋਰਚਿਆਂ ਨੂੰ ਪੁਲੀਸ ਦੀ ਤਾਕਤ ਨਾਲ ਉਖਾੜ ਦਿੱਤਾ ਗਿਆ ਅਤੇ ਕਰੀਬ 3 ਕਰੋੜ 77 ਲੱਖ ਦਾ ਸਾਮਾਨ ਲੁੱਟ ਲਿਆ ਗਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ 14 ਸਤੰਬਰ ਤੋਂ ਪੰਜਾਬ ਦੇ ਵੱਡੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਗਾਏ ਜਾਣਗੇ।
ਕਿਸਾਨ ਯੂਨੀਅਨ ਵੱਲੋਂ ਮਕਾਨ ਦਾ ਕਬਜ਼ਾ ਰੋਕਣ ਲਈ ਧਰਨਾ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਸਥਾਨਕ ਚੰਦੜ ਕਲੋਨੀ ਵਿੱਚ ਇੱਕ ਪਰਿਵਾਰ ਦੇ ਮਕਾਨ ਦਾ ਵਾਰੰਟ ਕਬਜ਼ਾ ਰੋਕਣ ਲਈ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨ ਅਤੇ ਬੈਂਕ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਕਿਸਾਨ ਆਗੂ ਭਗਵਾਨ ਸ਼ਿਵ ਸੁਨਾਮ ਨੇ ਦੱਸਿਆ ਕਿ ਸਤਨਾਮ ਸਿੰਘ ਅਤੇ ਉਸ ਦੀ ਮਾਤਾ ਸ਼ਿੰਦਰ ਕੌਰ ਨੇ ਕਈ ਸਾਲ ਪਹਿਲਾਂ ਬੈਂਕ ਤੋਂ ਮਕਾਨ ਬਣਾਉਣ ਲਈ 2 ਲੱਖ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਉਨ੍ਹਾਂ ਅਨੁਸਾਰ ਮਾਂ-ਪੁੱਤਰ ਵੱਲੋਂ ਬਕਾਇਦਾ ਬੈਂਕ ਦੀਆਂ ਕਿਸ਼ਤਾਂ ਭਰੀਆਂ ਜਾਂਦੀਆਂ ਰਹੀਆਂ ਅਤੇ ਹੁਣ ਤੱਕ 1 ਲੱਖ 16 ਹਜ਼ਾਰ ਰੁਪਏ ਬੈਂਕ ਨੂੰ ਅਦਾ ਕੀਤੇ ਜਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਪੁਲੀਸ ਦੀ ਸਹਾਇਤਾ ਨਾਲ ਮਕਾਨ ਦਾ ਕਬਜ਼ਾ ਲੈਣ ਲਈ ਪਹੁੰਚਣ ਵਾਲੇ ਸਨ, ਪਰ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ। ਇਸ ਮੌਕੇ ਯਾਦਵਿੰਦਰ ਸਿੰਘ ਚੱਠੇ-ਨੱਕਟੇ, ਗੁਰਪ੍ਰੀਤ ਸਿੰਘ, ਮਿੱਠੂ ਸਿੰਘ, ਲਾਲਾ ਸਿੰਘ, ਨਾਇਬ ਸਿੰਘ ਚੱਠੇ-ਨੱਕਟੇ ਅਤੇ ਸ਼ਬੀਰ ਖਾਂ ਹਾਜ਼ਰ ਸਨ।
ਕਿਸਾਨਾਂ ਵੱਲੋਂ ਸਿਹਤ ਮੰਤਰੀ ਦੀ ਰਿਹਾਇਸ਼ ਵੱਲ ਮਾਰਚ
ਪਟਿਆਲਾ (ਸਰਬਜੀਤ ਸਿੰਘ ਭੰਗੂ): ਮੰਗਾਂ ਦੀ ਪੂਰਤੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਥੇ ਡੀ ਸੀ ਦਫਤਰ ਅੱਗੇ ਲਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਜੇਲ੍ਹ ਰੋਡ ’ਤੇ ਆਵਾਜਾਈ ਦਿਨ ਭਰ ਪ੍ਰਭਾਵਿਤ ਰਹੀ ਤੇ ਅਧਿਕਾਰੀਆਂ ਨੂੰ ਵੀ ਆਪਣੇ ਦਫਤਰਾਂ ਤੱਕ ਇਧਰੋਂ ਓਧਰੋਂ ਹੋ ਕੇ ਪੁੱਜਣਾ ਪਿਆ। ਅੱਜ ਕਿਸਾਨਾਂ ਨੇ ਧਰਨਾ ਸਥਾਨ ਤੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਇਥੇ ਪਾਸੀ ਰੋਡ ’ਤੇ ਸਥਿਤ ਰਿਹਾਇਸ਼ ਤੱਕ ਮਾਰਚ ਵੀ ਕੀਤਾ ਗਿਆ, ਪਰ ਪਹਿਲਾਂ ਤੋਂ ਹੀ ਪੁਲੀਸ ਵੱਲੋਂ ਲਾਈਆਂ ਗਈਆਂ ਰੋਕਾਂ ਦੌਰਾਨ ਕਿਸਾਨਾ ਨੂੰ ਅਗਾਊਂ ਹੀ ਰੋਕ ਲਿਆ ਗਿਆ। ਕਿਸਾਨ ਕੁਝ ਦੇਰ ਉਥੇ ਹੀ ਪਾਸੀ ਰੋਡ ’ਤੇ ਧਰਨਾ ਮਾਰ ਕੇ ਪ੍ਰਦਰਸ਼ਨ ਕਰਦੇ ਰਹੇ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ, ਮਾਸਟਰ ਬਲਰਾਜ ਜੋਸ਼ੀ, ਜਗਦੀਪ ਛੰਨਾ, ਸੁਖਮੰਦਰ ਬਾਰਨ, ਹਰਦੀਪ ਡਰੌਲੀ, ਜਸਵਿੰਦਰ ਸਾਲੂਵਾਲ ਨੇ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਸਬੰਧੀ ਡੀ ਸੀ ਨਾਲ ਹੋਈ ਮੀਟਿੰਗ ਵਿੱਚ ਜਥੇਬੰਦੀ ਨੇ ਆਪਣਾ ਪੱਖ ਰੱਖਿਆ।

