BKU Ugrahan Protest: ਕਿਸਾਨਾਂ ਨੇ ਪੁਲੀਸ ਦੇ ਬੈਰੀਗੇਡ ਉਖਾੜੇ, ਐੱਸ ਐੱਸ ਪੀ ਦਫ਼ਤਰ ਘੇਰਿਆ
ਮੰਗਾਂ ਦਾ ਹੱਲ ਨਾ ਕਰਨ ’ਤੇ ਤਿੱਖੇ ਐਕਸ਼ਨ ਕਰਨ ਦੀ ਚਿਤਾਵਨੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬੇਮਿਆਦੀ ਪੱਕੇ ਮੋਰਚੇ ਦੇ ਸੱਤਵੇਂ ਦਿਨ ਕਿਸਾਨਾਂ ਵੱਲੋਂ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਭਾਵੇਂ ਘਿਰਾਓ ਦੇ ਮੱਦੇਨਜ਼ਰ ਬੈਰੀਗੇਡ ਲਾ ਕੇ ਪੁਲੀਸ ਵੱਲੋਂ ਐੱਸ ਐੱਸ ਪੀ ਦਫ਼ਤਰ ਦੇ ਮੁੱਖ ਗੇਟ ਤੋਂ ਪਹਿਲਾਂ ਹੀ ਸੜਕ ’ਤੇ ਨਾਕੇਬੰਦੀ ਕੀਤੀ ਹੋਈ ਸੀ ਪਰ ਕਿਸਾਨਾਂ ਨੇ ਪੁਲੀਸ ਦੇ ਬੈਰੀਗੇਡ ਉਖਾੜ ਸੁੱਟੇ ਅਤੇ ਪੁਲੀਸ ਮੁਲਾਜ਼ਮਾਂ ਨੂੰ ਧੂਹ ਕੇ ਮੁੱਖ ਗੇਟ ਨੇੜੇ ਜਾ ਪੁੱਜੇ। ਮੁੱਖ ਗੇਟ ਨੇੜੇ ਪੁੱਜਦਿਆਂ ਹੀ ਸੂਬਾਈ ਆਗੂਆਂ ਨੇ ਖੁਦ ਹੀ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕਿਸਾਨ ਮੁੱਖ ਗੇਟ ਦਾ ਘਿਰਾਓ ਕਰ ਕੇ ਧਰਨੇ ’ਤੇ ਬੈਠ ਗਏ ਜੋ ਕਿ ਕਰੀਬ ਪੰਜ ਘੰਟੇ ਤੱਕ ਘਿਰਾਓ ਕਰ ਕੇ ਰੱਖਿਆ। ਸਿਰਫ਼ ਸਕੂਲੀ ਬੱਚਿਆਂ, ਬਿਮਾਰ ਵਿਅਕਤੀਆਂ ਅਤੇ ਆਮ ਲੋਕਾਂ ਨੂੰ ਹੀ ਲੰਘਣ ਤੋਂ ਛੋਟ ਦਿੱਤੀ ਗਈ ਸੀ। ਤਣਾਅਪੂਰਨ ਮਾਹੌਲ ਨੂੰ ਵੇਖਦਿਆਂ ਪੁਲੀਸ ਨੇ ਮੁੱਖ ਗੇਟ ਬੰਦ ਕਰ ਦਿੱਤਾ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅੱਜ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਦੋਵੇਂ ਗੇਟ ਬੰਦ ਕਰ ਕੇ ਘਿਰਾਓ ਕੀਤਾ ਗਿਆ ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੇ ਮੋਰਚੇ ਦੌਰਾਨ ਕੰਨ ਤੇ ਜੂੰ ਨਹੀਂ ਸਰਕੀ। ਪੁਲੀਸ ਨੇ ਪਿੰਡਾਂ ਵਿਚ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਉਪਰ ਕੇਸ ਦਰਜ ਕੀਤੇ ਹੋਏ ਹਨ, ਜਿੰਨ੍ਹਾਂ ਦੀ ਰੱਦ ਕਰਾਉਣ ਲਈ ਐੱਸ ਐੱਸ ਪੀ ਦਫ਼ਤਰ ਦਾ ਘਿਰਾਓ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਗੱਲਬਾਤ ਕਰ ਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖੇ ਐਕਸ਼ਨ ਕੀਤੇ ਜਾਣਗੇ। ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਪਿੰਡ ਸ਼ੇਰੋਂ ਦੇ ਨੌਜਵਾਨ ਮੋਹਣਜੀਤ ਸਿੰਘ ’ਤੇ ਹੋਏ ਪੁਲੀਸ ਤਸ਼ੱਦਦ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਜਸਵੰਤ ਸਿੰਘ ਤੋਲਾਵਾਲ, ਹਰਭਗਵਾਨ ਮੂਨਕ, ਬਲਵੀਰ ਚੰਦ ਲੌਂਗੋਵਾਲ, ਜੂਝਾਰ ਸਿੰਘ ਲੌਂਗੋਵਾਲ, ਬੰਟੀ ਢੀਂਡਸਾ, ਬਹਾਦਰ ਸਿੰਘ ਭੁਟਾਲ, ਹਰਜੀਤ ਸਿੰਘ ਮਹਿਲਾ, ਬਲਵਿੰਦਰ ਸਿੰਘ ਘਨੌੜ, ਜਸਵੀਰ ਸਿੰਘ ਗੱਗੜਪੁਰ, ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਚਮਕੌਰ ਸਿੰਘ ਲੱਡੀ, ਜਰਨੈਲ ਸਿੰਘ ਸੁਲਤਾਨਪੁਰ, ਦਰਸ਼ਨ ਸਿੰਘ ਕਿਲਾ ਹਕੀਮਾਂ, ਮਹਿਲਾ ਆਗੂ ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਬਹੁਜਨ ਮੁਕਤੀ ਮੋਰਚਾ ਦੇ ਹਰਪ੍ਰੀਤ ਕੌਰ ਧੂਰੀ ਵੀ ਸ਼ਾਮਲ ਹੋਏ। ਯੂਨੀਅਨ ਆਗੂਆਂ ਅਨੁਸਾਰ ਐੱਸ ਐੱਸ ਪੀ ਵਲੋਂ ਮੀਟਿੰਗ ਕਰ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਸਬੰਧੀ ਯੂਨੀਅਨ ਨਾਲ ਅਗਲੇ ਦਿਨਾਂ ਵਿਚ ਮੀਟਿੰਗ ਕਰ ਕੇ ਜਾਣੂ ਕਰਵਾਇਆ ਜਾਵੇਗਾ।

