BKU Ugrahan Protest: ਸੰਗਰੂਰ ’ਚ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰਾਂ ਦਾ ਪੈਣ ਲੱਗਿਆ ਭੁਲੇਖਾ
ਡੀ ਸੀ ਦਫ਼ਤਰਾਂ ਅੱਗੇ ਕਿਸਾਨਾਂ ਦੇ ਧਰਨੇ ਜਾਰੀ
ਇੱਥੇ ਅਣਮਿੱਥੇ ਸਮੇਂ ਲਈ ਲੱਗਿਆ ਕਿਸਾਨ ਮੋਰਚਾ ਕਰੀਬ ਪੰਜ ਸਾਲ ਪਹਿਲਾਂ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੌਰਾਨ ਲੱਗੇ ਮੋਰਚੇ ਦਾ ਭੁਲੇਖਾ ਪਾਉਂਦਾ ਹੈ। ਡੀ ਸੀ ਕੰਪਲੈਕਸ ਦੇ ਆਲੇ ਦੁਆਲੇ ਦੀਆਂ ਸੜਕਾਂ ’ਤੇ ਟਰਾਲੀਆਂ ਕਿਸਾਨਾਂ ਦਾ ਰੈਣ ਬਸੇਰਾ ਬਣੀਆਂ ਹੋਈਆਂ ਹਨ ਅਤੇ ਟਰਾਲੀਆਂ ਉਪਰ ਵੱਖ-ਵੱਖ ਪਿੰਡਾਂ ਦੇ ਨਾਵਾਂ ਵਾਲੇ ਲੱਗੇ ਬੈਨਰਾਂ ਕਾਰਨ ਪੂਰਾ ਪਿੰਡ ਵਸਿਆ ਨਜ਼ਰ ਆਉਂਦਾ ਹੈ।
ਰੋਜ਼ਾਨਾ ਪਿੰਡਾਂ ਵਿੱਚੋਂ ਦੁੱਧ ਅਤੇ ਸ਼ਬਜ਼ੀਆਂ ਆਦਿ ਰਾਸ਼ਨ ਦਾ ਸਾਮਾਨ ਵੀ ਪੁੱਜਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਅਤੇ ਲੰਗਰ ਤਿਆਰ ਕੀਤਾ ਜਾਂਦਾ ਹੈ। ਰਾਸ਼ਨ ਤਿਆਰ ਕਰਨ ਵੇਲੇ ਕਿਸਾਨ ਇੱਕ ਦੂਜੇ ਨਾਲ ਟਿੱਚਰਾਂ ਵੀ ਕਰਦੇ ਰਹਿੰਦੇ ਹਨ। ਟਰਾਲੀਆਂ ਨਜ਼ਦੀਕ ਹੀ ਡਾਹੇ ਮੰਜਿਆਂ ’ਤੇ ਕਿਸਾਨ ਮਿਲ ਜੁਲ ਕੇ ਬੈਠਦੇ ਅਤੇ ਆਪਸ ਵਿਚ ਵੱਖ-ਵੱਖ ਮੁੱਦਿਆਂ ਉਪਰ ਗੱਲਬਾਤ ਚਲਦੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਮੋਰਚੇ ਦੌਰਾਨ ਰੋਜ਼ਾਨਾ ਸਵੇਰ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਸਟੇਜ ਚਲਦੀ ਹੈ। ਇੱਕ ਟਰਾਲੀ ਵਿੱਚ ਏ ਸੀ ਫਿੱਟ ਕੀਤਾ ਹੋਇਆ ਹੈ। ਟਰਾਲੀਆਂ ’ਤੇ ਕਿਸਾਨੀ ਸੰਘਰਸ਼ ਦੀ ਬਾਤ ਪਾਉਂਦੇ ਬੈਨਰ ਅਤੇ ਨਾਅਰੇ ਵੀ ਧਿਆਨ ਖਿੱਚਦੇ ਹਨ। ਬੇਮਿਆਦੀ ਪੱਕੇ ਮੋਰਚੇ ਦੇ ਅੱਜ ਪੰਜਵੇਂ ਦਿਨ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਰੋਸ ਮਾਰਚ ਕਰਦਿਆਂ ਦਿੱਲੀ-ਲੁਧਿਆਣਾ ਸਟੇਟ ਹਾਈਵੇਅ-11 ਉਪਰ ਸਥਿਤ ਮੁੱਖ ਚੌਕ ਵਿਚ ਆਵਾਜਾਈ ਠੱਪ ਕੀਤੀ ਗਈ। ਸੂਬਾ ਜਨਰਲ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਗੱਲਬਾਤ ’ਤੇ ਨਾ ਆਈ ਤਾਂ ਆਉਣ ਵਾਲੇ ਦਿਨਾਂ ਵਿਚ ਤਿੱਖੇ ਐਕਸ਼ਨ ਹੋਣਗੇ। ਉਨ੍ਹਾਂ ਦੱਸਿਆ ਕਿ 4 ਸਤੰਬਰ ਨੂੰ ਮੋਰਚਾ ਮੁਲਾਜ਼ਮ ਸੰਘਰਸ਼ ਨੂੰ ਸਮਰਪਿਤ ਹੋਵੇਗਾ।
ਮਾਲੇਰਕੋਟਲਾ (ਪਰਮਜੀਤ ਸਿੰਘ ਕੁਠਾਲਾ): ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲੀਸ ਜਬਰ ਵਰਗੇ ਮੁੱਦਿਆਂ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਸੀ ਦਫਤਰ ਮਾਲੇਰਕੋਟਲਾ ਸਾਹਮਣੇ ਲਾਇਆ ਪੱਕਾ ਮੋਰਚਾ ਪੰਜਵੇਂ ਦਿਨ ਵੀ ਜਾਰੀ ਰਿਹਾ। ਰੋਜ਼ਾਨਾਂ ਵਾਂਗ ਅੱਜ ਵੀ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਬੀਬੀਆਂ ਕਿਸਾਨ ਕਾਫਲੇ ਬੰਨ੍ਹ ਕੇ ਸ਼ਾਮਲ ਹੋਈਆਂ ।
ਡੀ ਸੀ ਦਫ਼ਤਰ ਅੱਗੇ ਰੋਜ਼ਾਨਾ ਗੂੰਜ ਨੇ ਰਹੇ ਨਾਅਰੇ
ਪਟਿਆਲਾ (ਸਰਬਜੀਤ ਸਿੰਘ ਭੰਗੂ): ਕਿਸਾਨੀ ਮੰਗਾਂ ਦੀ ਪੂਰਤੀ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਡੀ ਸੀ ਦਫ਼ਤਰ ਅੱਗੇ ਦਿਨ ਰਾਤ ਦਾ ਧਰਨਾ ਜਾਰੀ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਆਗੂ ਮਾਸਟਰ ਬਲਰਾਜ ਜੋਸ਼ੀ ਅਤੇ ਹੋਰਾਂ ਦਾ ਕਹਿਣਾ ਸੀ ਕਿ ਸੁਖਵਿੰਦਰ ਬਰਾਸ ਦੀ ਅਗਵਾਈ ਹੇਠਲੇ ਇਸ ਧਰਨੇ ’ਚ ਜ਼ਿਲ੍ਹੇ ਭਰ ਤੋਂ ਯੂਨੀਅਨ ਆਗੂ ਸ਼ਿਰਕਤ ਕਰ ਰਹੇ ਹਨ ਜੋ ਰਾਤ ਨੂੰ ਵੀ ਧਰਨੇ ’ਚ ਹੀ ਰਹਿੰਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਹ ਧਰਨਾ 30 ਅਗਸਤ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਇਹ ਸੰਘਰਸ ਜਾਰੀ ਰਹੇਗਾ। ਧਰਨੇ ਕਾਰਨ ਡੀ ਸੀ ਦਫ਼ਤਰ ਦੇ ਮੂਹਰੋਂ ਦੀ ਲੰਘਦੀ ਜੇਲ੍ਹ ਰੋਡ ’ਤੇ ਲੱਗੇ ਇਸ ਧਰਨੇ ਕਾਰਨ ਭਾਵੇਂ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੈ ਪਰ ਫੇਰ ਵੀ ਕਿਸਾਨਾ ਵੱਲੋਂ ਇੱਕ ਪਾਸੇ ’ਤੇ ਆਵਾਜਾਈ ਦੀ ਵਿਵਸਥਾ ਬਣਾ ਕੇ ਰੱਖੀ ਹੋਈ ਹੈ। ਉਹ ਪੰਜਾਬ ਸਰਕਾਰ ਵੱਲੋਂ ਪ੍ਰਸਤਾਵਿਤ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰ ਰਹੇ ਹਨ। ਨਾਲ ਹੀ ਕਿਸਾਨਾਂ ਵੱਲੋਂ ਅਮਰੀਕਾ ਭਾਰਤ ਮੁਕਤ ਵਪਾਰ ਸਮਝੌਤਾ ਲਾਗੂ ਕਰਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਹੜ੍ਹਾਂ ਤੇ ਗੜੇਮਾਰੀ ਕਾਰਨ ਨੁਕਸਾਨੀਆਂ ਫਸਲਾਂ ਲਈ ਵੀ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਹੋਰ ਕਿਹਾ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ।

