Bazigar Issues Grants Worth Rs 5 Crore to 61 Panchayats: ਪੰਚਾਇਤਾਂ ਨੂੰ ਪੰਜ ਕਰੋੜ ਦੀਆਂ ਗਰਾਂਟਾਂ ਜਾਰੀ
‘ਆਪ’ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ: ਬਾਜ਼ੀਗਰ
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਰੰਗਲਾ ਪੰਜਾਬ ਸਕੀਮ ਤਹਿਤ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 61 ਪੰਚਾਇਤਾਂ ਨੂੰ ਪੰਜ ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕਰਦਿਆਂ ਮਨਜ਼ੂਰੀ ਪੱਤਰ ਸਰਪੰਚਾਂ ਤੇ ਪੰਚਾਂ ਨੂੰ ਸੌਂਪੇ ਗਏ। ਵਿਧਾਇਕ ਸ੍ਰੀ ਬਾਜ਼ੀਗਰ ਨੇ ਕਿਹਾ ਕਿ ਤਤਕਾਲੀ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਸੀ। ਸੂਬੇ ਦੇ ਵਿਕਾਸ ਕਾਰਜ ਲੰਬੇ ਸਮੇਂ ਤੋਂ ਠੱਪ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਮੁੜ ਤੋਂ ਹਰਾ ਭਰਾ ਤੇ ਖੁਸ਼ਹਾਲ ਬਣਾਉਣ ਦੇ ਮਕਸਦ ਨਾਲ ਰੰਗਲਾ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਸ਼ੁਤਰਾਣਾ ਵਿਚਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਦੂਜੀ ਕਿਸ਼ਤ ਵਜੋਂ 61 ਪੰਚਾਇਤਾਂ ਨੂੰ ਪੰਜ ਕਰੋੜ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ ਜਦਕਿ 11 ਪੰਚਾਇਤਾਂ ਨੂੰ ਇੱਕ ਕਰੋੜ ਰੁਪਏ ਵੱਖਰੇ ਤੌਰ ਉੱਤੇ ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਫੰਡ ਵਿੱਚੋਂ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਪੰਜ ਕਰੋੜ ਰੁਪਏ ਪਿੰਡਾਂ ਨੂੰ ਮਿਲ ਚੁੱਕੇ ਹਨ ਤੇੇ ਕੁਝ ਦਿਨਾਂ ਵਿੱਚ ਪੰਜ ਕਰੋੜ ਰੁਪਏ ਬਾਕੀ ਰਹਿੰਦੀਆਂ ਪੰਚਾਇਤਾਂ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਵਿੱਚ ਸੈਂਕੜੇ ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਮੁਰੰਮਤ ਅਤੇ ਵੱਡੇ ਪੱਧਰ ਉੱਤੇ ਨਹਿਰੀ ਖਾਲਾਂ ਤੇ ਰਜਬਾਹਿਆਂ ਦਾ ਨਵੀਨੀਕਰਨ ਕਰ ਕੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਇਸ ਮੌਕੇ ਸਰਪੰਚ ਚਰਨਜੀਤ ਸਿੰਘ ਸੰਧੂ, ਅਵਤਾਰ ਸਿੰਘ ਕੰਬੋਜ, ਸਰਪੰਚ ਅੰਗਰੇਜ਼ ਸਿੰਘ, ਠੇਕੇਦਾਰ ਅਮਰੀਕ ਸਿੰਘ, ਨਿਸ਼ਾਨ ਸਿੰਘ ਬਾਬਾ, ਜਸਵਿੰਦਰ ਸਿੰਘ ਸ਼ੇਰਗੜ੍ਹ ਅਤੇ ਸਾਬਕਾ ਸਰਪੰਚ ਕਾਰਜ ਸਿੰਘ ਬਕਰਾਹਾ ਹਾਜ਼ਰ ਸਨ।

