ਬੈਂਕ ਡਕੈਤੀ ਮਾਮਲਾ: ਚਾਰੋਂ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ : The Tribune India

ਬੈਂਕ ਡਕੈਤੀ ਮਾਮਲਾ: ਚਾਰੋਂ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ

ਬੈਂਕ ਡਕੈਤੀ ਮਾਮਲਾ: ਚਾਰੋਂ ਮੁਲਜ਼ਮਾਂ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ

ਪੁਲੀਸ ਦੀ ਹਿਰਾਸਤ ’ਚ ਨਜ਼ਰ ਆ ਰਹੇ ਬੈਂਕ ਡਕੈਤੀ ਸਬੰਧੀ ਕੇਸ ’ਚ ਫੜੇ ਮੁਲ਼ਜ਼ਮ।

ਸਰਬਜੀਤ ਸਿੰਘ ਭੰਗੂ

ਪਟਿਆਲਾ, 30 ਨਵੰਬਰ

ਘਨੌਰ ਸਥਿਤ ਯੂਕੋ ਬੈਂਕ ਵਿੱਚ ਡਕੈਤੀ ਦੌਰਾਨ 17.85 ਲੱਖ ਰੁਪਏ ਲੁੁੱਟਣ ਦੇ ਦੋਸ਼ਾਂ ਹੇਠਾਂ ਗ੍ਰਿਫ਼ਤਾਰ ਕੀਤੇ ਗਏ ਚਾਰੇ ਮੁਲ਼ਜਮਾ ਦਾ ਤਿੰਨ ਰੋਜ਼ਾ ਦਾ ਪੁਲੀਸ ਰਿਮਾਂਡ ਮਿਲਿਆ ਹੈ। ਜਿਸ ਮਗਰੋਂ ਇਨ੍ਹਾਂ ਤੋਂ ਐੱਸਐੱਸਪੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠਾਂ ਪਟਿਆਲਾ ਵਿੱਚ ‘ਮਾਈ ਜੀ ਦੀ ਸਰਾਂ’ ਵਿੱਚ ਸਥਿਤ ਸੀਆਈਏ ਦੇ ਦਫ਼ਤਰ/ਥਾਣੇ ’ਚ ਉੱਚ ਪੱਧਰ ’ਤੇ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ ਹੈ। ਪੁਲੀਸ ਨੇ ਭਾਵੇਂ ਵੱਧ ਰਿਮਾਂਡ ਮੰਗਿਆ ਸੀ, ਪਰ ਅਦਾਲਤ ਤੋਂ ਤਿੰਨ ਦਿਨਾਂ ਦਾ ਹੀ ਪੁਲੀਸ ਰਿਮਾਂਡ ਮਿਲਿਆ ਹੈ। ਜਿਸ ਦੀ ਮੁਲ਼ਜਮਾਂ ਤੋਂ ਪੁੱਛਗਿੱਛ ਸਬੰਧੀ ਕਾਰਵਾਈ ਦੀ ਅਗਵਾਈ ਕਰਨ ਵਾਲ਼ੀ ਟੀਮ ’ਚ ਸ਼ਾਮਲ ਐੱਸਪੀ ਹਰਬੀਰ ਸਿੰਘ ਅਟਵਾਲ ਨੇ ਪੁਸ਼ਟੀ ਕੀਤੀ ਹੈ।

ਇਨ੍ਹਾਂ ਮੁਲ਼ਜ਼ਮਾਂ ’ਚ ਇਸ ਗਰੋਹ ਦੇ ਸਰਗਨੇ ਤੇ ਜ਼ਲ੍ਹਾ ਰੋਪੜ ਦੇ ਪਿੰਡ ਹਾਫੀਜਾਬਾਦ ਦੇ ਮੌਜੂਦਾ ਸਰਪੰਚ 35 ਸਾਲਾ ਅਮਨਦੀਪ ਸਿੰਘ ਹਾਫੀਜਾਬਾਦ ਸਮੇਤ ਦਿਲਪ੍ਰੀਤ ਸਿੰਘ ਭਾਨਾ ਤੇ ਪ੍ਰਭਦਿਆਲ ਸਿੰਘ ਨਿੱਕੂ ਵਾਸੀਆਨ ਪਿੰਡ ਬਾਲਸੰਡਾ ਤੇ ਨਰਿੰਦਰ ਸਿੰਘ ਵਾਸੀ ਬਲਰਾਮਪੁਰ ਸ਼ਾਮਲ ਹਨ। ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਇੰਸਪੈਕਟਰ ਦੀ ਨਿਗਰਾਨੀ ਹੇਠ ਸੀਆਈਏ ’ਚ ਰੱਖੇ ਗਏ ਬੈਂਕ ਡਕੈਤੀ ਦੇ ਇਨ੍ਹਾਂ ਮੁਲ਼ਜ਼ਮਾਂ ਸਬੰਧੀ ਪੁੱਛਣ ’ਤੇ ਡੀਐੱਸਪੀ (ਡੀ) ਸੁਖਅੰਮ੍ਰਿਤ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਰਿਮਾਂਡ ਦੌਰਾਨ ਮੁਲ਼ਜਮਾ ਕੋਲ਼ੋਂ ਵੱਖ ਵੱਖ ਪਹਿਲੂਆਂ ਬਾਰੇ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਦਾ ਕਹਿਣਾ ਸੀ ਕਿ ਮੁਲਜ਼ਮਾਂ ਵੱਲੋਂ ਨਗਦੀ, ਰਾਈਫਲ ਤੇ ਕਾਰ ਸਮੇਤ ਮੋਟਰਸਾਈਕਲ ਵੀ ਬਰਮਾਦ ਕਰ ਲਿਆ ਗਿਆ ਹੈ। ਪਰ ਇਸ ਕੀ ਇਸ ਵਾਰਦਾਤ ’ਚ ਉਨ੍ਹਾਂ ਚਾਰਾਂ ਤੋਂ ਬਿਨਾਂ ਕਿਸੇ ਹੋਰ ਦੀ ਵੀ ਭਾਗੀਦਾਰੀ ਰਹੀ ਹੈ। ਘਨੌਰ ਵਿਚਲੀ ਇਸ ਯੂਕੋ ਬੈਂਕ ਨੂੰ ਹੀ ਲੁੱਟ ਦਾ ਕਿਉਂ ਨਿਸ਼ਾਨਾ ਬਣਾਇਆ ਗਿਆ। ਇਹ ਚਾਰੇ ਹੀ ਮੁਲ਼ਜਮ ਬਾਹਰਲੇ ਖੇਤਰ ਦੇ ਹਨ, ਇਸ ਕਰਕੇ ਪੁਲੀਸ ਵੱਲੋਂ ਇਸ ਗੱਲ ’ਤੇ ਵੀ ਜ਼ੋਰ ਦੇ ਕੇ ਪੁੱਛਗਿੱਛ ਕਰ ਰਹੀ ਹੈ ਕਿ ਇਸ ਵਾਰਦਾਤ ’ਚ ਉਨ੍ਹਾਂ ਦੇ ਨਾਲ ਘਨੌਰ ਖੇਤਰ ਦਾ ਕੋਈ ਨਾਗਰਿਕ ਤਾਂ ਨਹੀਂ ਸੀ ਰਲ਼ਿਆ ਹੋਇਆ ਜਾਂ ਕਿਸੇ ਬੈਂਕ ਮੁਲ਼ਾਜ਼ਮ ਆਦਿ ਦੀ ਸ਼ਮੂਲੀਅਤ ਤਾਂ ਨਹੀਂ ਰਹੀ। ਕਿਉਂਕਿ ਇਨ੍ਹਾਂ ਸਾਰੇ ਪਹਿਲੂਆਂ ਬਾਰੇ ਪਤਾ ਲਗਾਉਣਾ ਪੁਲੀਸ ਤਫਤੀਸ਼ ਦੀਆਂ ਪ੍ਰਮੁੱਖ ਕੜੀਆਂ ਦਾ ਹਿੱਸਾ ਹੈ।  

ਬੈਂਕ ਡਕੈਤੀ ਦਾ ਕੀ ਹੈ ਮਾਮਲਾ

ਬੈਂਕ ਡਕੈਤੀ ਦੀ ਇਹ ਵਾਰਦਾਤ 28 ਨਵਬੰਰ ਬਾਅਦ ਦੁਪਹਿਰ ਸਾਢੇ ਕੁ ਤਿੰਨ ਵਜੇ ਵਾਪਰੀ ਸੀ। ਜਿਸ ਦੌਰਾਨ ਬੈਂਕ ’ਚ ਘੁਸੇ ਤਿੰਨ ਨਕਾਬਪੋਸ਼ਾਂ ਨੇ ਸਮੁੱਚੇ ਅਮਲੇ ਨੂੰ ਬੰਦੀ ਬਣਾ ਕੇ ਕੈਸ਼ੀਅਰ ਤੋਂ 15.65 ਲੱਖ ਰੁਪਏ ਆਪਣੇ ਕਬਜ਼ੇ ’ਚ ਕਰਨ ਸਮੇਤ ਮੰਜੋਲੀ ਵਾਸੀ ਚਮਕੌਰ ਸਿੰਘ ਨਾਮ ਦੇ ਇੱਕ ਗਾਹਕ ਤੋਂ ਵੀ 2.20 ਲੱਖ ਰੁਪਏ ਖੋਹ ਲਏ ਸਨ, ਜੋ ਉਹ ਆਪਣੇ ਖਾਤੇ ’ਚ ਜਮ੍ਹਾ ਕਰਵਾਉਣ ਆਇਆ ਸੀ। ਅੰਦਰ ਬੈਠੇ ਨਰੇਸ਼ ਕੁਮਾਰ ਨਾਂ ਦੇ ਇੱਕ ਗਾਹਕ ਤੋਂ ਚਾਬੀ ਲੈ ਕੇ ਉਹ ਉਸ ਦਾ ਨਵਾਂ ਬੁਲੇਟ ਮੋਟਰਸਾਈਕਲ ਵੀ ਲੈ ਗਏ ਤੇ ਫੇਰ ਇਹ 17.85 ਲੱਖ ਦੀ ਲੁੱਟ ਦੀ ਨਗਦੀ ਲੈ ਕੇ ਫਰਾਰ ਹੋ ਗਏ ਸਨ। ਬੈਂਕ ’ਚ ਲੱਗੇ ਸੀਸੀਟੀਵੀ ਕੈਮਰਿਆਂ ਵਾਲ਼ਾ ਡੀਵੀਆਰ ਵੀ ਨਾਲ ਲੈ ਗਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All