ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜਨਵਰੀ
ਕਤਲ ਦੇ ਇੱਕ ਕੇਸ ਵਿਚ ਹਾਲ ਹੀ ’ਚ ਅਦਾਲਤ ਵੱਲੋਂ ਇਸ਼ਤਿਹਾਰੀ ਭਗੌੜੇ ਕਰਾਰ ਦਿੱਤੇ ਗਏ ਬਾਰਨ ਵਾਸੀ ਬਹੁ ਚਰਚਿਤ ਨੌਜਵਾਨ ਕੰਵਰਰਣਦੀਪ ਸਿੰਘ ਉਰਫ ਐੱਸਕੇ ਖਰੌੜ ਤੇ ਉਸ ਦੇ ਸਾਥੀ ਖਾਂਸਿਆਂ ਵਾਸੀ ਜਤਿੰਦਰ ਸ਼ੇਰਗਿੱਲ ਦੀ ਪਟਿਆਲਾ ਪੁਲੀਸ ਨੇ ਕਰੀਬ ਸਵਾ ਕਰੋੜ ਰੁਪਏ ਦੀ ਸੰਪਤੀ ਅਟੈਚ ਕਰਵਾ ਦਿੱਤੀ ਹੈ। ਅਜਿਹੀ ਕਾਰਵਾਈ ਮੁਲਜ਼ਮਾਂ ਨੂੰ ਨੱਥ ਪਾਉਣ ਤੇ ਭਗੌੜਿਆਂ ਨੂੰ ਮੁੱਖ ਧਾਰਾ ’ਚ ਆਉਣ ਲਈ ਮਜਬੂਰ ਕਰਨ ਲਈ ਪਟਿਆਲਾ ਪੁਲੀਸ ਨੇ ਐੱਸਐੱਸਪੀ ਵਿਕਰਮਜੀਤ ਦੁੱਗਲ ਦੀ ਅਗਵਾਈ ਹੇਠਾਂ ਅਮਲ ’ਚ ਲਿਆਂਦੀ ਗਈ ਹੈ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ 22 ਮਈ 2020 ਨੂੰ ਥਾਣਾ ਅਨਾਜ ਮੰਡੀ ਪਟਿਆਲਾ ਵਿੱਚ ਦਰਜ ਹੋਏ ਕਤਲ ਦੇ ਕੇਸ ’ਚ ਅਦਾਲਤ ਨੇ ਦੋਵਾਂ ਨੂੰ 23 ਨਵੰਬਰ 2020 ਨੂੰ ਅਦਾਲਤੀ ਭਗੌੜੇ ਐਲਾਨਿਆ ਸੀ। ਬਹੁ-ਚਰਚਿਤ ਐਸਕੇ ਖ਼ਰੌੜ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਥਾਣਾ ਅਨਾਜ ਮੰਡੀ ਪਟਿਆਲਾ ਦੇ ਮੁਖੀ ਹਰਜਿੰਦਰ ਢਿੱਲੋਂ ਤੇ ਟੀਮ ਵੱਲੋਂ ਦੋਵਾਂ ਭਗੌੜਿਆਂ ਦੀ ਪ੍ਰਾਪਰਟੀ ਅਟੈਚ ਕਰਨ ਸਬੰਧੀ ਸ਼ੁਰੂ ਕੀਤੀ ਪ੍ਰਕ੍ਰਿਆ ਦੌਰਾਨ ਹੀ ਇਲਾਕਾ ਮੈਜਿਸਟਰੇਟ ਦੀ ਅਦਾਲਤ ਨੇ ਤਹਿਸੀਲਦਾਰ ਦੇ ਨਾਂ 18 ਜਨਵਰੀ ਲਈ ਹੁਕਮ ਜਾਰੀ ਕੀਤੇ ਸਨ। ਜਿਸ ਦੌਰਾਨ ਜਤਿੰਦਰ ਸ਼ੇਰਗਿੱਲ ਦੀ ਖਾਂਸਿਆਂ ਪਿੰਡ ’ਚ ਸਥਿਤ 5 ਵਿੱਘੇ 1 ਵਿਸਵਾ ਤੇ ਐਸ.ਕੇ. ਖਰੌੜ ਦੀ ਬਾਰਨ ਵਿਚਲੀ 1 ਵਿੱਘਾ 5 ਵਿਸਵੇ ਪ੍ਰਾਪਰਟੀ ਅਟੈਚ ਕਰਵਾ ਦਿੱਤੀ ਹੈ। ਜਿਸ ਦੀ ਕੀਮਤ 1 ਕਰੋੜ 20 ਲੱਖ ਹੈ। ਹੋਰ ਇਸ਼ਤਿਹਾਰੀ ਭਗੌੜਿਆਂ ਦੀ ਸੰਪਤੀ ਅਟੈਚ ਕਰਨ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ।