ਪੱਤਰ ਪ੍ਰੇਰਕ
ਰਾਜਪੁਰਾ, 26 ਮਈ
ਥਾਣਾ ਸਦਰ ਪੁਲੀਸ ਨੇ 20 ਸਾਲਾਂ ਤੋਂ ਲੜਕੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਬਸੰਤਪੁਰਾ ਆਸ਼ਰਮ ਦੇ ਮੁਖੀ ਅਤੇ ਉਸ ਦੇ ਪੁੱਤਰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਲੰਘੇ ਸ਼ਨਿਚਰਵਾਰ ਨੂੰ ਇੱਕ ਲੜਕੀ ਨੇ ਸਦਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕੀ ਪਿੰਡ ਬਸੰਤਪੁਰਾ ਦੇ ਇੱਕ ਆਸ਼ਰਮ ਦੇ ਮੁਖੀ ਗੁਰੂ ਸੁਖ ਸਾਗਰ ਉਸ ਨਾਲ 2002 ਤੋਂ ਜਦੋਂ ਉਹ ਨਾਬਾਲਗ ਸੀ, ਉਦੋਂ ਤੋਂ ਜਬਰ-ਜਨਾਹ ਕਰਦਾ ਆ ਰਿਹਾ ਹੈ। ਹੁਣ ਉਸ ਦਾ ਲੜਕਾ ਹੇਮੰਤ ਵੀ ਉਸ ਨਾਲ ਅਸ਼ਲੀਲ ਹਰਕਤਾਂ ਤੇ ਛੇੜਕਾਨੀ ਕਰਦਾ ਹੈ। ਜਿਸ ’ਤੇ ਪੁਲੀਸ ਨੇ ਆਸ਼ਰਮ ਮੁਖੀ ਗੁਰੂ ਸੁਖ ਸਾਗਰ ਤੇ ਉਸ ਦੇ ਪੁੱਤਰ ਹੇਮੰਤ ਵਾਸੀ ਆਸ਼ਰਮ ਬਸੰਤਪੁਰਾ ਖ਼ਿਲਾਫ਼ ਵੱਖ ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਥਾਣਾ ਸਦਰ ਦੇ ਮੁਖੀ ਅਮਨਦੀਪ ਤਰਿਕਾ ਨੇ ਦੱਸਿਆ ਕਿ ਪੁਲੀਸ ਨੇ ਦੋਵੇਂ ਮੁਲਜ਼ਮਾਂ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਨੂੰ ਇਥੋਂ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।