ਪੀ ਐਮ ਏ ਵਾਈ ਘੁਟਾਲੇ ’ਚ ਨਗਰ ਨਿਗਮ ਦਾ ਇੱਕ ਹੋਰ ਮੁਲਾਜ਼ਮ ਗ੍ਰਿਫ਼ਤਾਰ
ਦੋਵਾਂ ਦਾ ਰਿਮਾਂਡ ਲੈ ਕੇ ਕੀਤੀ ਜਾ ਰਹੀ ਹੈ ਪੁੱਛਗਿੱਛ
ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਵਿੱਚ ਘੁਟਾਲੇ ਦੀ ਜਾਂਚ ਦੌਰਾਨ ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲੀਸ ਵੱਲੋਂ ਅੱਜ ਨਗਰ ਨਿਗਮ ਪਟਿਆਲਾ ਦੇ ਇੱਕ ਹੋਰ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਮਨਵੀਰ ਸਿੰਘ ਨਾਮ ਦੇ ਇਸ ਮੁਲਾਜਮ ਦੀ ਇਹ ਗ੍ਰਿਫਤਾਰੀ ਪਹਿਲਾਂ ਹੀ ਪੁਲੀਸ ਰਿਮਾਂਡ ’ਤੇ ਚੱਲ ਰਹੇ ਅਮਨਦੀਪ ਸਿੰਘ ਨਾਮ ਦੇ ਇੱਕ ਹੋਰ ਕਲਰਕ ਦੀ ਪੁੱਛਗਿੱਛ ਤਹਿਤ ਕੀਤੀ ਗਈ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਨਗਰ ਨਿਗਮ ਰਾਹੀਂ ਲਾਭਪਾਤਰੀਆਂ ਨੂੰ ਦਿੱਤੀ ਜਾਂਦੀ ਰਾਸ਼ੀ ’ਚ ਗੜਬੜੀ ਸਾਹਮਣੇ ਆਉਣ ’ਤੇ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ਼ ਗਰੇਵਾਲ ਵੱਲੋਂ ਚੁੱਪ ਚੁਪੀਤੇ ਆਪਣੇ ਇੱਕ ਸੁਪਰਡੈਂਟ ਤੇ ਹੋਰ ਅਧਿਕਾਰੀਆਂ ਤੋਂ ਮੁਢਲੀ ਜਾਂਚ ਕਰਵਾਈ ਗਈ ਜਿਸ ਦੌਰਾਨ ਸਾਹਮਣੇ ਆਈ ਕਥਿਤ ਗੜਬੜੀ ਦੇ ਹਵਾਲੇ ਨਾਲ ਹੀ ਉਨ੍ਹਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਜਿਸ ਸਬੰਧੀ ਕੇਸ ਦਰਜ ਕਰਕੇ ਪੁਲੀਸ ਵੱਲੋਂ ਉਕਤ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦਾ ਪੁਲੀਸ ਰਿਮਾਂਡ ਲਿਆ ਗਿਆ ਪਰ ਅੱਜ ਅਮਨਪ੍ਰੀਤ ਸਿੰਘ ਨਾਮ ਦੇ ਇੱਕ ਹੋਰ ਕਰਮਚਾਰੀ ਨੂੰ ਵੀ ਗ੍ਰਿਫਤਾਰ ਕਰਦਿਆਂ ਉਸ ਦਾ ਵੀ ਪੁਲੀਸ ਰਿਮਾਂਡ ਲੈ ਲਿਆ ਗਿਆ।
ਦੂਜੇ ਪਾਸੇ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਵਿਨਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਜਾਂਚ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕਰਮਚਾਰੀ ਪੀਐਮਏਵਾਈ ਨਾਲ ਸਬੰਧਤ ਫਾਈਲਾਂ ਦਾ ਕੰਮ ਦੇਖਦੇ ਸਨ। ਦੋਵਾਂ ਨੂੰ ਪੁਲੀਸ 24 ਜੁਲਾਈ ਨੂੰ ਮੁੜ ਅਦਾਲਤ ’ਚ ਪੇਸ਼ ਕਰੇਗੀ।
ਮੁਢਲੀ ਜਾਂਚ ਦੇ ਹਵਾਲੇ ਨਾਲ ਪੁਲੀਸ ਤੇ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਮਿਲਣ ਵਾਲ਼ੀ ਰਾਸ਼ੀ ਅਮਨਦੀਪ ਸਿੰਘ ਲਾਭਪਾਤਰੀਆਂ ਦੀ ਬਜਾਏ ਆਪਣੇ ਖਾਤੇ ’ਚ ਹੀ ਪਾ ਲੈਂਦਾ ਸੀ। ਭਾਵੇਂ ਇਸ ਨੂੰ ਕਈ ਲੱਖਾਂ ਦਾ ਘੁਟਾਲਾ ਵੀ ਕਿਹਾ ਜਾ ਰਿਹਾ ਹੈ ਪਰ ਇਹ ਅਸਲ ਸਥਿਤੀ ਪੁਲੀਸ ਜਾਂਚ ਮੁਕੰਮਲ ਹੋਣ ’ਤੇ ਹੀ ਸਪੱਸ਼ਟ ਹੋ ਸਕੇਗੀ।

