ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
ਪੰਜਾਬ ਸਰਕਾਰ ਨੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਕੈਦੀਆਂ ਨੂੰ ਸਜ਼ਾ ਮੁਆਫ਼ੀ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦੀ ਪ੍ਰਵਾਨਗੀ ਮਿਲ ਜਾਵੇਗੀ। ਇਹ ਐਲਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਜੇਲ੍ਹ ਪਟਿਆਲਾ ਤੋਂ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦੀਆਂ ਨੂੰ ਸੁਧਾਰਨ ਲਈ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਦੌਰਾਨ ਉਨ੍ਹਾਂ ‘ਪੰਜਾਬ ਜੇਲ੍ਹ ਓਲੰਪਿਕ- 2021’ ਖੇਡਾਂ ਦੀ ਸਮਾਪਤੀ ਮੌਕੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜੇਲ੍ਹ ਤੋਂ 10 ਦਸੰਬਰ ਤੋਂ ਸਕਿਲ ਡਿਵੈਲਪਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 11 ਜੇਲ੍ਹਾਂ ’ਚ ਪੈਟਰੋਲ ਪੰਪ ਲਾਏ ਜਾ ਰਹੇ ਹਨ। ਸ੍ਰੀ ਰੰਧਾਵਾ ਨੇ ਦੱਸਿਆ ਕਿ ਅੰਮ੍ਰਿਤਸਰ ਜੇਲ੍ਹ ’ਚ ਟਾਈਲ ਫੈਕਟਰੀ ਅਤੇ ਲੁਧਿਆਣਾ ਜੇਲ੍ਹ ’ਚ ਨਮਕੀਨ ਫੈਕਟਰੀ ਚਲਾਈ ਜਾ ਰਹੀ ਹੈ। ਪੰਜਾਬ ਦੇਸ਼ ’ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ੍ਹ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ।
ਹਾਈ ਕੋਰਟ ’ਚ ਨਸ਼ਿਆਂ ਦੇ ਮਾਮਲੇ ’ਚ ਰਿਪੋਰਟ ਬਾਰੇ ਸਵਾਲ ਦੇ ਜਵਾਬ ’ਚ ਸ੍ਰੀ ਰੰਧਾਵਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਇਸ ਰਿਪੋਰਟ ਨੂੰ ਲਿਫ਼ਾਫ਼ੇ ’ਚ ਬੰਦ ਕਰੀ ਰੱਖਿਆ ਜਿਸਨੂੰ ਸਰਕਾਰ ਜਲਦੀ ਹੀ ਲੋਕਾਂ ਅੱਗੇ ਰੱਖੇਗੀ।